ਚੰਡੀਗੜ੍ਹ : 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਦਾ ਹੁਣ ਪੰਜਾਬ ਦਾ ਰੈਗੂਲਰ ਡੀ ਜੀ ਪੀ ਬਣਨਾ ਤੈਅ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇਮਪੈਨਲਮੈਂਟ ਕਮੇਟੀ ਵੱਲੋਂ ਅੱਜ ਪੰਜਾਬ ਦਾ ਰੈਗੂਲਰ ਡੀਜੀਪੀ ਲਗਾਏ ਜਾਣ ਲਈ ਤਿੰਨ ਸੀਨੀਅਰ ਅਧਿਕਾਰੀਆਂ ਦੇ ਪੈੱਨਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਇਮਪੈਨਲਮੈਂਟ ਕਮੇਟੀ ਨੇ ਜਿਸ ਪੈੱਨਲ ਨੂੰ ਪ੍ਰਵਾਨਗੀ ਦਿੱਤੀ ਹੈ, ਉਸ ’ਚ 1992 ਬੈਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਜੋ ਕਿ ਇਸ ਵੇਲੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਹਨ, ਤੋਂ ਇਲਾਵਾ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦੇ ਨਾਮ ਸ਼ਾਮਲ ਹਨ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇਮਪੈਨਲਮੈਂਟ ਕਮੇਟੀ ਨੇ ਅੱਜ ਦਿੱਲੀ ’ਚ ਮੀਟਿੰਗ ਕਰਕੇ ਇਸ ਨਿਯੁਕਤੀ ਲਈ ਤਿੰਨ ਅਧਿਕਾਰੀਆਂ ਦੇ ਪੈਨਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇਸ ਮੀਟਿੰਗ ’ਚ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਲੋਕ ਸ਼ੇਖਰ ਵੀ ਸ਼ਾਮਲ ਹੋਏ। ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੰਜਾਬ ’ਚ ਰੈਗੂਲਰ ਡੀਜੀਪੀ ਨਿਯੁਕਤ ਕਰਨ ਵਾਸਤੇ ਤਿੰਨ ਅਧਿਕਾਰੀਆਂ ਦਾ ਪੈਨਲ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਅਤੇ ਇਸ ਪੈਨਲ ਚੋਂ ‘ਆਪ’ ਸਰਕਾਰ ਕਿਸੇ ਇੱਕ ਅਧਿਕਾਰੀ ਨੂੰ ਡੀਜੀਪੀ ਲਾਉਣ ’ਤੇ ਆਖ਼ਰੀ ਮੋਹਰ ਲਾਏਗੀ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਰੈਗੂਲਰ ਡੀਜੀਪੀ ਲਾਏ ਜਾਣ ਬਾਰੇ ਰਸਮੀ ਫ਼ੈਸਲਾ ਹਾਲੇ ਆਉਂਦੇ ਦਿਨਾਂ ’ਚ ਲਿਆ ਜਾਣਾ ਹੈ ਪ੍ਰੰਤੂ ਗੌਰਵ ਯਾਦਵ ਦਾ ਹੁਣ ਰੈਗੂਲਰ ਡੀ ਜੀ ਪੀ ਬਣਨਾ ਤੈਅ ਜਾਪਦਾ ਹੈ। ਜੁਲਾਈ 2022 ਤੋਂ ਗੌਰਵ ਯਾਦਵ ਬਤੌਰ ਕਾਰਜਕਾਰੀ ਡੀਜੀਪੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸੇਵਾਮੁਕਤੀ 30 ਅਪਰੈਲ 2029 ਨੂੰ ਹੋਣੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ’ਤੇ ਰੈਗੂਲਰ ਡੀਜੀਪੀ ਲਗਾਏ ਜਾਣ ਦਾ ਲਗਾਤਾਰ ਦਬਾਅ ਬਣਿਆ ਹੋਇਆ ਹੈ। ਕਰੀਬ ਚਾਰ ਸਾਲ ਦੇ ਅਰਸੇ ਮਗਰੋਂ ਪੰਜਾਬ ਨੂੰ ਰੈਗੂਲਰ ਡੀਜੀਪੀ ਮਿਲਣ ਦੀ ਆਸ ਬੱਝੀ ਹੈ।

