ਚੰਡੀਗਡ਼੍ਹ : ਪੰਜਾਬ ਨੇ ਉਹ ਮੰਜ਼ਰ ਵੀ ਦੇਖਿਆ ਜਦੋਂ ਸੜਕਾਂ ’ਤੇ ਖ਼ਾਮੋਸ਼ੀ ਸੀ। ਬਜ਼ੁਰਗ ਅਰਦਾਸਾਂ ਕਰਦੇ ਸਨ ਕਿ ਘਰੋਂ ਕੰਮ ’ਤੇ ਨਿਕਲੇ ਮਾਂ ਜਾਏ ਸੁੱਖੀ-ਸਾਂਦੀ ਪਰਤ ਆਉਣ। ਕਾਲੇ ਸਮਿਆਂ ਦਾ ਚਿੱਟਾ ਸੱਚ ਹੈ ਕਿ ਪੰਜਾਬ ਨੇ ਅਜਿਹੇ ਗਿਆਰਾਂ ਵਰ੍ਹੇ ਹੰਢਾਏ ਜਦੋਂ ਕੋਈ ਵੀ ਮਹੀਨਾ ਬੇਗੁਨਾਹਾਂ ਦਾ ਖ਼ੂਨ ਡੁੱਲ੍ਹਣ ਤੋਂ ਸੁੱਕਾ ਨਹੀਂ ਲੰਘਦਾ ਸੀ। ਦਸੰਬਰ 1982 ਤੋਂ ਅਪਰੈਲ 1993 ਤੱਕ ਪੰਜਾਬ ਹਰ ਮਹੀਨੇ ਲਹੂ-ਲੁਹਾਣ ਹੋਇਆ। ਦੋ ਦਹਾਕਿਆਂ (1981 ਤੋਂ 2000) ’ਚ 11,782 ਬੇਗੁਨਾਹਾਂ ਦਾ ਖ਼ੂਨ ਡੁੱਲ੍ਹਿਆ।
ਜਿਨ੍ਹਾਂ ਦੇ ਵਕਤੋਂ ਪਹਿਲਾਂ ਚਲੇ ਗਏ, ਉਨ੍ਹਾਂ ਦੇ ਜ਼ਖ਼ਮ ਸਮੇਂ ਦੀ ਮੱਲ੍ਹਮ ਵੀ ਨਹੀਂ ਭਰ ਸਕੀ। ਪੰਜਾਬ ’ਚ 1987 ਤੋਂ 1992 ਦੇ ਛੇ ਵਰ੍ਹਿਆਂ ’ਚ 10,613 ਬੇਦੋਸ਼ਿਆਂ ਦੀ ਜ਼ਿੰਦਗੀ ਪੰਜਾਬ ਦੀ ਬੁੱਕਲ ’ਚੋਂ ਗਿਰ ਗਈ ਜੋ ਕੁੱਲ ਅੰਕੜੇ ਦਾ 90 ਫ਼ੀਸਦੀ ਬਣਦਾ ਹੈ। ਇਨ੍ਹਾਂ ਸਾਲਾਂ ਦੌਰਾਨ 1991 ਵਿੱਚ ਸਭ ਤੋਂ ਵੱਧ 2591 ਬੇਕਸੂਰ ਮਾਰੇ ਗਏ। ਰੋਜ਼ਾਨਾ ਔਸਤਨ ਸੱਤ ਬੇਗੁਨਾਹ ਮਾਰੇ ਜਾਂਦੇ ਰਹੇ। ਸਮੁੱਚੇ ਦੌਰ ’ਚ ਕੁੱਲ 21,630 ਜਾਨਾਂ ਗਈਆਂ ਜਿਨ੍ਹਾਂ ’ਚੋਂ 11,782 ਸਿਵਲੀਅਨ ਸਨ। ਪੰਜਾਬ ਲਈ ਸਭ ਤੋਂ ਅਭਾਗਾ ਮਹੀਨਾ ਨਵੰਬਰ 1990 ਰਿਹਾ ਜਦੋਂ 364 ਬੇਗੁਨਾਹਾਂ ਦੀ ਜਾਨ ਗਈ। ਰੋਜ਼ਾਨਾ ਔਸਤਨ ਇੱਕ ਦਰਜਨ ਬੇਦੋਸ਼ੇ ਜ਼ਿੰਦਗੀ ਤੋਂ ਰੁਖ਼ਸਤ ਹੁੰਦੇ ਰਹੇ। ਮਈ 1988 ’ਚ 343 ਅਤੇ ਅਕਤੂਬਰ 1990 ’ਚ 306 ਬੇਦੋਸ਼ਿਆਂ ਦੀ ਜਾਨ ਗਈ। ਉਨ੍ਹਾਂ ਸਮਿਆਂ ’ਚ ਸੱਤ ਵੱਡੇ ਬੱਸ ਕਾਂਡ ਵਾਪਰੇ। ਇਨ੍ਹਾਂ ਬੱਸਾਂ ਦੇ ਯਾਤਰੀ ਘਰਾਂ ਤੋਂ ਸਫ਼ਰ ’ਤੇ ਨਿਕਲੇ ਪਰ ਜ਼ਿੰਦਗੀ ਦਾ ਸਫ਼ਰ ਮੁੱਕ ਗਿਆ।
ਇਸ ਦੀ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ’ਚ ਢਿਲਵਾਂ ਬੱਸ ਕਾਂਡ ਤੋਂ ਹੋਈ। 6 ਅਕਤੂਬਰ 1983 ਨੂੰ ਇਹ ਪੰਜਾਬ ਦਾ ਪਹਿਲਾ ਬੱਸ ਕਾਂਡ ਸੀ ਜਿਸ ’ਚ ਛੇ ਯਾਤਰੀਆਂ ਦੀ ਜਾਨ ਗਈ। ਇਸ ਬੱਸ ਕਾਂਡ ਕਰ ਕੇ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਤੇ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। 6 ਜੁਲਾਈ 1987 ਨੂੰ ਲਾਲੜੂ ਬੱਸ ਕਾਂਡ ਵਾਪਰਿਆ। ਹਰਿਆਣਾ ਰੋਡਵੇਜ਼ ਦੀ ਬੱਸ ’ਚ 38 ਯਾਤਰੀ ਮਾਰ ਦਿੱਤੇ ਗਏ। ਇਹ ਯਾਤਰੀ ਰਿਸ਼ੀਕੇਸ਼ ਲਈ ਘਰੋਂ ਨਿਕਲੇ ਸਨ। ਹੁਸ਼ਿਆਰਪੁਰ ਦੇ ਪਿੰਡ ਖੁੱਡਾ ’ਚ ਨਵੰਬਰ 1986 ਨੂੰ ਵਾਪਰੇ ਬੱਸ ਕਾਂਡ ’ਚ 24 ਯਾਤਰੀ ਚਲੇ ਗਏ। ਇਸੇ ਤਰ੍ਹਾਂ ਮੁਕਤਸਰ ਬੱਸ ਕਾਂਡ ’ਚ 25 ਜੁਲਾਈ 1986 ਨੂੰ 15 ਯਾਤਰੀ ਮਾਰੇ ਗਏ ਸਨ। ਇਹ ਬੱਸ ਮੁਕਤਸਰ ਤੋਂ ਚੰਡੀਗੜ੍ਹ ਜਾ ਰਹੀ ਸੀ।
ਸਾਲ 1991 ਤੋਂ ਬਾਅਦ ਪੰਜਾਬ ’ਚ ਰੇਲ ਕਾਂਡ ਵੀ ਸ਼ੁਰੂ ਹੋ ਗਏ। 1991 ਨੂੰ ਇੱਕੋ ਦਿਨ ਦੋ ਰੇਲ ਕਾਂਡ ਵਾਪਰੇ। ਲੁਧਿਆਣਾ ਦੇ ਬੱਦੋਵਾਲ ਸਟੇਸ਼ਨ ਲਾਗੇ ਟਰੇਨ ਦੇ 50 ਯਾਤਰੀ ਮਾਰੇ ਗਏ ਜਦੋਂ ਕਿ ਕਿਲ੍ਹਾ ਰਾਏਪੁਰ ਸਟੇਸ਼ਨ ਕੋਲ 26 ਰੇਲ ਯਾਤਰੀ ਮਾਰੇ ਗਏ ਸਨ। ਲੁਧਿਆਣਾ ਦੇ ਪਿੰਡ ਸੋਹੀਆਂ ਕੋਲ ਹੀ ਰੇਲ ਕਾਂਡ ’ਚ 52 ਯਾਤਰੀ ਮਾਰੇ ਗਏ ਸਨ। ਨਵੰਬਰ 1990 ਦੇ ਇੱਕੋ ਮਹੀਨੇ ’ਚ ਸਭ ਤੋਂ ਵੱਧ 606 ਜਾਨਾਂ ਗਈਆਂ। ਇਨ੍ਹਾਂ ’ਚ 364 ਸਿਵਲੀਅਨ, 171 ਖਾੜਕੂ ਅਤੇ 71 ਸੁਰੱਖਿਆ ਬਲਾਂ ਦੇ ਮੁਲਾਜ਼ਮ ਸ਼ਾਮਲ ਸਨ। ਰੋਜ਼ਾਨਾ ਔਸਤਨ 20 ਮੌਤਾਂ ਦਾ ਅੰਕੜਾ ਜੁੜਿਆ। ਹਿੰਸਾ ਦੀ ਖੇਡ ’ਚ ਕੌਣ ਜਿੱਤਿਆ, ਇਹ ਤਾਂ ਪਤਾ ਨਹੀਂ ਪਰ ਇਸ ਖੇਡ ’ਚ ਹਾਰੀ ਇਨਸਾਨੀਅਤ, ਇਹ ਹਰ ਕੋਈ ਜਾਣਦਾ ਹੈ।

