ਬਹਿਰਾਚ : ਪੰਜਾਬ ਦੇ ਇੱਕ ਸੰਗਠਨ ਨਾਲ ਜੁੜਿਆ ਇੱਕ ਲੋੜੀਂਦਾ ਮੈਂਬਰ ਅਤੇ ਇੱਕ ਅਮਰੀਕੀ ਨਾਗਰਿਕ ਨੇਪਾਲ ਤੋਂ ਭਾਰਤ ਵਿੱਚ ਦਾਖਲ ਹੁੰਦੇ ਸਮੇਂ ਗ੍ਰਿਫ਼ਤਾਰ ਕੀਤੇ ਗਏ ਹਨ। ਬਹਿਰਾਚ ਦੇ ਪੁਲੀਸ ਸੁਪਰਡੈਂਟ (ਐਸ.ਪੀ.) ਵਿਸ਼ਵਜੀਤ ਸ੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ ਰੁਪੈਡੀਹਾ ਪੁਲੀਸ ਸਟੇਸ਼ਨ ਖੇਤਰ ਦੇ ਅਧੀਨ ਭਾਰਤ-ਨੇਪਾਲ ਅੰਤਰਰਾਸ਼ਟਰੀ ਸਰਹੱਦ ‘ਤੇ ਸਸ਼ਤਰ ਸੀਮਾ ਬਲ (ਐਸ.ਐਸ.ਬੀ.) ਅਤੇ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਇੱਕ ਸਾਂਝਾ ਅਪਰੇਸ਼ਨ ਚਲਾਇਆ ਗਿਆ ਸੀ। ਦੋਵਾਂ ਦੋਸ਼ੀਆਂ ਦੀ ਪਛਾਣ ਵਿਕਰਮਜੀਤ ਸਿੰਘ, ਜੋ ਕਿ ਪੰਜਾਬ ਦੇ ਅਜਨਾਲਾ ਪੁਲੀਸ ਸਟੇਸ਼ਨ ਵਿਖੇ ਦਰਜ 2023 ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ ਅਤੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਅਮਰੀਕੀ ਨਾਗਰਿਕ ਮਨਵੀਰ ਸਿੰਘ ਢਿੱਲੋਂ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਉਨ੍ਹਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਵੀਰਵਾਰ ਨੂੰ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ.ਪੀ. ਨੇ ਕਿਹਾ ਕਿ ਪੰਜਾਬ ਪੁਲੀਸ ਵੱਖ-ਵੱਖ ਮਾਮਲਿਆਂ ਵਿੱਚ ਦੋਵਾਂ ਵਿਅਕਤੀਆਂ ਦੀ ਭਾਲ ਕਰ ਰਹੀ ਸੀ। ਸ੍ਰੀਵਾਸਤਵ ਨੇ ਮੁਢਲੀ ਪੁੱਛਗਿੱਛ ਦੇ ਹਵਾਲੇ ਨਾਲ ਦੱਸਿਆ ਕਿ ਵਿਕਰਮਜੀਤ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ, ਜਦੋਂ ਕਿ ਸ਼ੱਕ ਹੈ ਕਿ ਢਿੱਲੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਜ਼ਰ ਤੋਂ ਬਚਣ ਲਈ ਬਿਨਾਂ ਵੀਜ਼ਾ ਲਏ ਨੇਪਾਲ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ।
ਉਨ੍ਹਾਂ ਕਿਹਾ ਕਿ ਨੇਪਾਲ ਤੋਂ ਰੁਪੈਡੀਹਾ ਬਾਰਡਰ ਪੋਸਟ ਨੂੰ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੁੰਦੇ ਸਮੇਂ ਦੋਵਾਂ ਨੂੰ ਰੋਕਿਆ ਗਿਆ। ਤਸਦੀਕ ਅਤੇ ਪੁੱਛਗਿੱਛ ਦੌਰਾਨ, ਉਨ੍ਹਾਂ ਦੀਆਂ ਪਛਾਣਾਂ ਅਤੇ ਸੰਗਠਨ ਨਾਲ ਕਥਿਤ ਸਬੰਧ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਪੁਲੀਸ ਨੇ ਰੁਪੈਡੀਹਾ ਪੁਲਿਸ ਸਟੇਸ਼ਨ ਵਿਖੇ ਸੰਬੰਧਿਤ ਧਾਰਾਵਾਂ ਤਹਿਤ ਦੋਵਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ੍ਰੀਵਾਸਤਵ ਨੇ ਦੱਸਿਆ ਕਿ ਰੁਪੈਡੀਹਾ ਕਸਬੇ ਦੇ ਰਹਿਣ ਵਾਲੇ ਤਿੰਨ ਭਾਰਤੀ ਨਾਗਰਿਕਾਂ – ਸੁਰੇਸ਼ ਕੁਮਾਰ ਪਾਠਕ, ਦਿਲੀਪ ਉਪਾਧਿਆਏ, ਅਤੇ ਵਾਹਨ ਚਾਲਕ ਰਾਹੁਲ ਕੁਮਾਰ ਨੂੰ ਵੀ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਭਾਰਤ ਵਿੱਚ ਗੈਰ-ਕਾਨੂੰਨੀ ਦਾਖਲੇ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਹੱਦ ‘ਤੇ ਤਾਇਨਾਤ ਵੱਖ-ਵੱਖ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ।

