ਲਹਿਰਾਗਾਗਾ ਨੇੜੇ ਗਊ ਵੰਸ਼ ਨਾਲ ਭਰਿਆ ਕੈਂਟਰ ਕਾਬੂ; ਦੋ ਤਸਕਰ ਫ਼ਰਾਰ

ਲਹਿਰਾਗਾਗਾ ਨੇੜੇ ਗਊ ਵੰਸ਼ ਨਾਲ ਭਰਿਆ ਕੈਂਟਰ ਕਾਬੂ; ਦੋ ਤਸਕਰ ਫ਼ਰਾਰ

ਲਹਿਰਾਗਾਗਾ : ਗੁਪਤ ਸੂਚਨਾ ਦੇ ਆਧਾਰ ‘ਤੇ ਪਟਿਆਲਾ, ਪਾਤੜਾਂ ਅਤੇ ਲਹਿਰਾਗਾਗਾ ਦੀਆਂ ਟੀਮਾਂ ਨੇ ਸਾਂਝੇ ਅਪਰੇਸ਼ਨ ਦੌਰਾਨ ਗਊ ਵੰਸ਼ ਨਾਲ ਭਰਿਆ ਇੱਕ ਕੈਂਟਰ ਕਾਬੂ ਕਰਕੇ 14 ਗਊਆਂ ਨੂੰ ਸੁਰੱਖਿਅਤ ਬਚਾ ਲਿਆ। ਹਾਲਾਂਕਿ ਕੈਂਟਰ ਵਿੱਚ ਸਵਾਰ ਦੋ ਕਥਿਤ ਤਸਕਰ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਮੌਕੇ ਤੋਂ ਫ਼ਰਾਰ ਹੋ ਗਏ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਮੁਕੇਸ਼ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕੈਂਟਰ ਨੰਬਰ HP-73A-5032 ਖੋਖਰ ਕਲਾਂ ਤੋਂ ਗਊ ਵੰਸ਼ ਲੋਡ ਕਰਕੇ ਰਵਾਨਾ ਹੋਣ ਵਾਲਾ ਹੈ। ਸੂਚਨਾ ਮਿਲਦੇ ਹੀ ਪਟਿਆਲਾ ਅਤੇ ਪਾਤੜਾਂ ਦੀਆਂ ਟੀਮਾਂ ਨੇ ਖੋਖਰ ਕਲਾਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ। ਕੈਂਟਰ ਲੋਡ ਹੋਣ ਤੋਂ ਬਾਅਦ ਟੀਮਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਰੁਕਣ ਦਾ ਇਸ਼ਾਰਾ ਦਿੱਤਾ, ਪਰ ਚਾਲਕ ਕੈਂਟਰ ਨੂੰ ਤੇਜ਼ ਰਫ਼ਤਾਰ ਨਾਲ ਭਜਾ ਲੈ ਗਿਆ। ਇਸ ਦੌਰਾਨ ਲਹਿਰਾਗਾਗਾ ਦੀ ਟੀਮ ਨੇ ਨਹਿਰ ਨੇੜੇ ਨਾਕਾ ਲਗਾ ਕੇ ਕੈਂਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੈਂਟਰ ਰੁਕਦੇ ਹੀ ਉਸ ਵਿੱਚ ਸਵਾਰ ਦੋ ਵਿਅਕਤੀ ਵਾਹਨ ਛੱਡ ਕੇ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਫ਼ਰਾਰ ਹੋ ਗਏ। ਕੈਂਟਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 14 ਗਊ ਵੰਸ਼ ਬਰਾਮਦ ਹੋਏ, ਜਿਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਹਿਰਾਗਾਗਾ ਦੀ ਗਊਸ਼ਾਲਾ ਵਿੱਚ ਪਹੁੰਚਾ ਦਿੱਤਾ ਗਿਆ। ਇਸ ਕਾਰਵਾਈ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਡਾ. ਮੁਕੇਸ਼ ਅਤੇ ਲਹਿਰਾਗਾਗਾ ਪ੍ਰਧਾਨ ਕੁਲਦੀਪ ਕੁਮਾਰ (ਕਾਲਾ ਟੇਲਰ) ਨੇ ਕੀਤੀ ਅਤੇ ਉਨ੍ਹਾਂ ਮੰਗ ਕੀਤੀ ਕਿ ਫ਼ਰਾਰ ਮੁਲਜ਼ਮਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Share: