Canada ’ਚ ਹੁਣ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ ਪੀਆਰ ਨੌਜਵਾਨ, ਨਵੀਆਂ ਅਰਜ਼ੀਆਂ ’ਤੇ ਰੋਕ

Canada ’ਚ ਹੁਣ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ ਪੀਆਰ ਨੌਜਵਾਨ, ਨਵੀਆਂ ਅਰਜ਼ੀਆਂ ’ਤੇ ਰੋਕ

ਵੈਨਕੂਵਰ : ਕੈਨੇਡਾ ਦੇ ਆਵਾਸ ਵਿਭਾਗ ਨੇ ਇੱਕ ਅਹਿਮ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਕੈਨੇਡਾ ਵਿੱਚ ਰਹਿ ਰਹੇ ਪੱਕੇ ਵਿਦੇਸ਼ੀ ਨਾਗਰਿਕ ਆਪਣੀ ਪਰਿਵਾਰਕ ਮਿਲਣ-ਗਿਲਣ ਦੀ ਯੋਜਨਾ (Family Reunification Program) ਲਈ ਨਵੀਆਂ ਅਰਜ਼ੀਆਂ ਨਹੀਂ ਦੇ ਸਕਣਗੇ। ਵਿਭਾਗ ਅਨੁਸਾਰ, ਇਹ ਫ਼ੈਸਲਾ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਚਲਾਉਣ ਅਤੇ ਅਰਜ਼ੀਆਂ ਦੇ ਲੰਬੇ ਉਡੀਕ ਸਮੇਂ ਨੂੰ ਘਟਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਵਰਤਮਾਨ ਵਿੱਚ ਇਸ ਯੋਜਨਾ ਤਹਿਤ ਅਰਜ਼ੀਆਂ ਦੇ ਨਿਬੇੜੇ ਦਾ ਉਡੀਕ ਸਮਾਂ ਕਿਊਬਕ ਸੂਬੇ ਵਿੱਚ ਸਾਢੇ ਪੰਜ ਸਾਲ ਅਤੇ ਹੋਰ ਸੂਬਿਆਂ ਵਿੱਚ ਤਿੰਨ ਸਾਲ ਦੇ ਕਰੀਬ ਚੱਲ ਰਿਹਾ ਹੈ।

ਵਿਭਾਗ ਨੇ ਦੱਸਿਆ ਕਿ ਇਸ ਵੇਲੇ 60,500 ਅਰਜ਼ੀਆਂ ਪਹਿਲਾਂ ਹੀ ਪ੍ਰਕਿਰਿਆ ਅਧੀਨ ਹਨ, ਜਿਨ੍ਹਾਂ ਦਾ ਫ਼ੈਸਲਾ ਹੋਣ ਤੋਂ ਬਾਅਦ ਹੀ ਆਉਣ ਵਾਲੇ ਸਾਲਾਂ ਲਈ ਨਵੀਆਂ ਸ਼ਰਤਾਂ ਅਤੇ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ। ਸਾਲ 2020 ਵਿੱਚ ਲਾਟਰੀ ਸਿਸਟਮ ਰਾਹੀਂ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ 2 ਲੱਖ ਤੋਂ ਵੱਧ ਯੋਗ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ ਡਰਾਅ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਹੀ ਅਗਲੇਰੀ ਕਾਰਵਾਈ ਲਈ ਸੱਦਾ ਦਿੱਤਾ ਜਾਂਦਾ ਹੈ।

 ਵਿਭਾਗ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਚਾਲੂ ਸਾਲ ਦੌਰਾਨ ਪੁਰਾਣੀਆਂ ਅਰਜ਼ੀਆਂ ਵਿੱਚੋਂ ਸਿਰਫ਼ 15,000 ਲੋਕਾਂ ਨੂੰ ਹੀ ਸੱਦੇ ਭੇਜੇ ਜਾਣਗੇ ਅਤੇ ਭਵਿੱਖ ਵਿੱਚ ਵੀ ਨਿਰਧਾਰਤ ਕੋਟੇ ਤੋਂ ਵੱਧ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਵਿਭਾਗ ਨੇ ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਨੂੰ ਆਪਣੇ ਕੋਲ ਪੰਜ ਸਾਲਾਂ ਤੱਕ ਰੱਖਣ ਲਈ ‘ਸੁਪਰ ਵੀਜ਼ਾ’ ਯੋਜਨਾ ਨੂੰ ਇੱਕ ਬਿਹਤਰ ਵਿਕਲਪ ਵਜੋਂ ਉਤਸ਼ਾਹਿਤ ਕੀਤਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸੁਪਰ ਵੀਜਾ ਯੋਜਨਾ ਮਾਪਿਆ ਨਾਲ ਮਿਲਣ ਲਈ ਸ਼ੁਰੂ ਕੀਤੀ ਗਈ ਸੀ, ਜਿਸ ਅਧੀਨ ਕੈਨੇਡਾ ਰਹਿੰਦੇ ਵਿਦੇਸ਼ੀ ਜਾਂ ਇਥੋਂ ਦੇ ਨਾਗਰਿਕ ਬਣੇ ਲੋਕ ਮਾਪਿਆਂ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਆਪਣੇ ਕੋਲ ਲਗਾਤਾਰ ਪੰਜ ਸਾਲ ਤੱਕ ਰੱਖ ਸਕਦੇ ਹਨ।

Share: