ਐਡਿਨਬਰਗ : ਸਾਲ 2027 ਦਾ ਇਕ ਰੋਜ਼ਾ ਕੌਮਾਂਤਰੀ ਆਲਮੀ ਕੱਪ ਫਾਈਨਲ ਤੱਕ ਪਹੁੰਚਣ ਲਈ ਤਿੰਨ ਪੜਾਵਾਂ ਵਾਲਾ ਮੁਕਾਬਲਾ ਹੋਵੇਗਾ ਅਤੇ 2028 ਦੇ ਟੀ-20 ਆਲਮੀ ਕੱਪ ਦੇ ‘ਸੁਪਰ 8’ ਪੜਾਅ ਦਾ ਵਿਸਥਾਰ ਕਰ ਕੇ ਇਸ ਵਿੱਚ 10 ਟੀਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਅੱਜ ਇਨ੍ਹਾਂ ਵੱਡੇ ਮੁਕਾਬਲਿਆਂ ਨੂੰ ਵਧੇਰੇ ਰੋਮਾਂਚਕ ਅਤੇ ਅਹਿਮ ਬਣਾਉਣ ਲਈ ਨਵੇਂ ਢਾਂਚੇ ਦਾ ਐਲਾਨ ਕਰਦਿਆਂ ਇਹ ਜਾਣਕਾਰੀ ਦਿੱਤੀ। ਇਹ ਫ਼ੈਸਲੇ ਇੱਥੇ ਹੋਈ ਆਈ ਸੀ ਸੀ ਦੀ ਸਾਲਾਨਾ ਕਾਨਫਰੰਸ ਵਿੱਚ ਲਏ ਗਏ।
ਦੱਖਣੀ ਅਫਰੀਕਾ ਵਿੱਚ ਹੋਣ ਵਾਲੇ 2027 ਦੇ ਇਕ ਰੋਜ਼ਾ ਆਲਮੀ ਕੱਪ ਵਿੱਚ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ 14 ਟੀਮਾਂ ਹਿੱਸਾ ਲੈਣਗੀਆਂ (ਜੋ ਕਿ ਪਿਛਲੇ ਐਡੀਸ਼ਨ ਦੀਆਂ 10 ਟੀਮਾਂ ਤੋਂ ਵੱਧ ਹਨ) ਪਰ ਖੇਡ ਨੂੰ ਹੋਰ ਰੋਮਾਂਚਕ ਬਣਾਉਣ ਲਈ ਪ੍ਰਬੰਧਕੀ ਸੰਸਥਾ ਨੇ ‘ਗਰੁੱਪ ਗੇੜ’ ਤੋਂ ਪਹਿਲਾਂ ‘ਸੁਪਰ ਸੀਰੀਜ਼’ ਗੇੜ ਅਤੇ ਸੈਮੀ ਫਾਈਨਲ ਤੋਂ ਪਹਿਲਾਂ ‘ਸੁਪਰ 7’ ਪੜਾਅ ਜੋੜ ਦਿੱਤਾ ਹੈ। ਆਈ ਸੀ ਸੀ ਨੇ ਬਿਆਨ ਵਿੱਚ ਕਿਹਾ, ‘‘ਸੋਧੇ ਹੋਏ ਫਾਰਮੈਟ ਤਹਿਤ ਫਾਈਨਲ ਤੱਕ ਪਹੁੰਚਣ ਲਈ ਤਿੰਨ ਪੜਾਵਾਂ ਦਾ ਮੁਕਾਬਲਾ ਹੋਵੇਗਾ।’’
ਸੈਕੀਆ ਆਈ ਸੀ ਸੀ ਦੀ ਗਵਰਨੈਂਸ ਰੀਵਿਊ ਕਮੇਟੀ ਦੇ ਮੁਖੀ ਬਣੇ
ਐਡਿਨਬਰਗ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਦੇਵਾਜੀਤ ਸੈਕੀਆ ਨੂੰ ਅੱਜ ਆਈ ਸੀ ਸੀ ਵੱਲੋਂ ਗਠਿਤ ਨਵੀਂ ਉਪ-ਕਮੇਟੀ ‘ਗਵਰਨੈਂਸ ਰੀਵਿਊ ਕਮੇਟੀ’ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਈ ਸੀ ਸੀ ਨੇ ਕ੍ਰਿਕਟ ਵੈਸਟ ਇੰਡੀਜ਼ ਲਈ 1.28 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਗਵਰਨੈਂਸ ਰੀਵਿਊ ਕਮੇਟੀ ਦੇ ਮੈਂਬਰਾਂ ’ਚ ਸੈਕੀਆ ਤੋਂ ਇਲਾਵਾ, ਕ੍ਰਿਕਟ ਦੱਖਣੀ ਅਫਰੀਕਾ ਦੇ ਡਾ. ਮੁਹੰਮਦ ਮੂਸਾਜੀ ਅਤੇ ਆਈ ਸੀ ਸੀ ਦੇ ਨਵ ਨਿਯੁਕਤ ਸੁਤੰਤਰ ਨਿਰਦੇਸ਼ਕ ਡਾ. ਰੌਸ ਰਿਵਾਜ਼ ਸ਼ਾਮਲ ਹਨ। ਸੈਕੀਆ ਨੂੰ ਹੋਰ ਨਵੀਂ ਗਠਿਤ ‘ਫ੍ਰੈਂਚਾਇਜ਼ੀ ਲੀਗ ਕਮੇਟੀ’ ਵਿੱਚ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਅਗਵਾਈ ਬੰਗਲਾਦੇਸ਼ ਦੇ ਸਾਬਕਾ ਕਪਤਾਨ ਤਮੀਮ ਇਕਬਾਲ ਕਰਨਗੇ।

