ਫਿਰੋਜ਼ਪੁਰ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ; ਪਰਿਵਾਰ ਵੱਲੋਂ ਦੇਹ ਭਾਰਤ ਲਿਆਉਣ ਦੀ ਅਪੀਲ

ਫਿਰੋਜ਼ਪੁਰ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ; ਪਰਿਵਾਰ ਵੱਲੋਂ ਦੇਹ ਭਾਰਤ ਲਿਆਉਣ ਦੀ ਅਪੀਲ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਨੇੜਲੇ ਪਿੰਡ ਸੂਬਾ ਕਦੀਮ ਦਾ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਸਹਿਜੀਤ ਸਿੰਘ 17 ਜੂਨ 2021 ਨੂੰ ਸਟੱਡੀ ਵੀਜ਼ਾ ਤੇ ਲੰਡਨ ਪੜ੍ਹਾਈ ਕਰਨ ਗਿਆ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਪੜ੍ਹਾਈ ਪੂਰਾ ਕਰਨ ਤੋਂ ਬਾਅਦ ਸਹਿਜੀਤ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਵਰਕ ਪਰਮਿਟ ਤੇ ਕੰਮ ਕਰਨ ਲੱਗ ਪਿਆ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸਹਿਜੀਤ ਸਿੰਘ ਨੇ ਮੌਤ ਤੋਂ ਦੋ ਦਿਨ ਪਹਿਲਾਂ ਵੀਡੀਓ ਕਾਲ ‘ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਸੀ। ਉਸ ਸਮੇਂ, ਉਹ ਪੂਰੀ ਤਰ੍ਹਾਂ ਖੁਸ਼ ਸੀ। ਪਰ ਉਸ ਤੋਂ ਬਾਅਦ ਸਹਿਜੀਤ ਸਿੰਘ ਨਾਲ ਕੋਈ ਸੰਪਰਕ ਨਹੀਂ ਹੋਇਆ। ਅਗਲੇ ਦਿਨ, ਜਦੋਂ ਉਸ ਦੇ ਦੋਸਤ ਨੇ ਸਹਿਜੀਤ ਨੂੰ ਕਈ ਵਾਰ ਫ਼ੋਨ ਕੀਤਾ, ਤਾਂ ਇੱਕ ਪੁਲੀਸ ਅਧਿਕਾਰੀ ਨੇ ਫ਼ੋਨ ਚੁੱਕਿਆ। ਗਵਾਹਾਂ ਦੇ ਅਨੁਸਾਰ ਅਧਿਕਾਰੀ ਨੇ ਕਿਹਾ ਕਿ ਸਹਿਜੀਤ ਇੱਕ ਪਾਰਕ ਵਿੱਚ ਬੇਹੋਸ਼ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੀ ਮੌਤ ਨੂੰ 23-24 ਦਿਨ ਬੀਤ ਜਾਣ ਦੇ ਬਾਅਦ ਵੀ ਉਸ ਦੀ ਲਾਸ਼ ਅਜੇ ਤੱਕ ਭਾਰਤ ਨਹੀਂ ਪਹੁੰਚੀ। ਮ੍ਰਿਤਕ ਦੇ ਪਿਤਾ ਵੀਰ ਸਿੰਘ, ਮਾਂ ਅਤੇ ਪੂਰਾ ਪਰਿਵਾਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਲਗਾਤਾਰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ, ਤਾਂ ਜੋ ਪਰਿਵਾਰ ਉਸਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ।
Share: