Argentina ਨੇ Egypt ਨੂੰ 3-2 ਨਾਲ ਹਰਾਇਆ

Argentina ਨੇ Egypt ਨੂੰ 3-2 ਨਾਲ ਹਰਾਇਆ

ਅਟਲਾਂਟਾ : ਲਿਓਨਲ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅਰਜਨਟੀਨਾ ਨੇ ਫੀਫਾ ਆਲਮੀ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਮਿਸਰ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਮੈਚ ਖ਼ਤਮ ਹੋਣ ਤੋਂ 11 ਮਿੰਟ ਪਹਿਲਾਂ ਤੱਕ ਅਰਜਨਟੀਨਾ ਦੋ ਗੋਲਾਂ ਨਾਲ ਪਿੱਛੇ ਚੱਲ ਰਿਹਾ ਸੀ ਪਰ ਆਖ਼ਰੀ ਸਮੇਂ ਵਿੱਚ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ।

ਮਿਸਰ ਵੱਲੋਂ ਯਾਸਿਰ ਇਬਰਾਹਿਮ ਅਤੇ ਮੁਸਤਫ਼ਾ ਜ਼ਿਕੋ ਨੇ ਗੋਲ ਕਰ ਕੇ ਟੀਮ ਨੂੰ 2-0 ਦੀ ਲੀਡ ਦਿਵਾਈ ਸੀ। ਮੈਸੀ ਪਹਿਲੇ ਅੱਧ ਵਿੱਚ ਪੈਨਲਟੀ ਕਿੱਕ ’ਤੇ ਗੋਲ ਕਰਨ ਤੋਂ ਖੁੰਝ ਗਿਆ। ਇਸ ਮਗਰੋਂ 79ਵੇਂ ਮਿੰਟ ਵਿੱਚ ਮੈਸੀ ਦੇ ਪਾਸ ’ਤੇ ਕ੍ਰਿਸਟੀਅਨ ਰੋਮੇਰੋ ਨੇ ਹੈਡਰ ਰਾਹੀਂ ਗੋਲ ਕਰ ਕੇ ਅਰਜਨਟੀਨਾ ਦੀ ਵਾਪਸੀ ਕਰਵਾਈ। ਇਸ ਤੋਂ ਚਾਰ ਮਿੰਟ ਮਗਰੋਂ 83ਵੇਂ ਮਿੰਟ ਵਿੱਚ ਮੈਸੀ ਨੇ ਗੋਲ ਕਰ ਕੇ ਸਕੋਰ 2-2 ਕਰ ਦਿੱਤਾ। ਇਹ ਮੈਸੀ ਦਾ ਇਸ ਆਲਮੀ ਕੱਪ ਵਿੱਚ ਅੱਠਵਾਂ ਅਤੇ ਕੁੱਲ 21ਵਾਂ ਆਲਮੀ ਕੱਪ ਗੋਲ ਸੀ। ਇੰਜਰੀ ਟਾਈਮ ਵਿੱਚ ਐਨਜ਼ੋ ਫਰਨਾਂਡਿਜ਼ ਨੇ ਫ਼ੈਸਲਾਕੁਨ ਗੋਲ ਕਰ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਮੈਚ ਖ਼ਤਮ ਹੋਣ ਉੱਤੇ ਮੈਸੀ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੌਜੂਦਾ ਆਲਮੀ ਕੱਪ ਵਿੱਚ ਅੱਠਵਾਂ ਗੋਲ ਕਰ ਕੇ ਮੈਸੀ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਹੈ। ਉਸ ਨੇ ਆਲਮੀ ਕੱਪ ਦੇ ਲਗਾਤਾਰ ਨੌਂ ਮੈਚਾਂ ਵਿੱਚ ਗੋਲ ਕਰਨ ਦਾ ਨਵਾਂ ਰਿਕਾਰਡ ਵੀ ਬਣਾਇਆ। ਅਰਜਨਟੀਨਾ ਦੇ ਖਿਡਾਰੀ ਲੌਟਾਰੋ ਮਾਰਟੀਨੇਜ਼ ਅਤੇ ਜੂਲੀਅਨ ਅਲਵਾਰੇਜ਼ ਨੇ ਮੈਸੀ ਦੀ ਸ਼ਲਾਘਾ ਕਰਦਿਆਂ ਉਸ ਨੂੰ ਖੇਡ ਇਤਿਹਾਸ ਦਾ ਮਹਾਨ ਨਾਇਕ ਦੱਸਿਆ। ਹੁਣ ਸ਼ਨਿਚਰਵਾਰ ਨੂੰ ਹੋਣ ਵਾਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਦਾ ਸਾਹਮਣਾ ਸਵਿਟਜ਼ਰਲੈਂਡ ਨਾਲ ਹੋਵੇਗਾ।

ਸਵਿਟਜ਼ਰਲੈਂਡ ਨੇ ਕੋਲੰਬੀਆ ਨੂੰ ਪੈਨਲਟੀ ਸ਼ੂਟਆਊਟ ’ਚ ਹਰਾਇਆ

ਵੈਨਕੁਵਰ: ਆਲਮੀ ਕੱਪ ਫੁੱਟਬਾਲ ਦੇ ਫਸਵੇਂ ਮੁਕਾਬਲੇ ਵਿੱਚ ਕੋਲੰਬੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾ ਕੇ ਸਵਿਟਜ਼ਰਲੈਂਡ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਨਿਰਧਾਰਤ ਅਤੇ ਵਾਧੂ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਖੇਡ ਦੌਰਾਨ ਕੋਲੰਬੀਆ ਦੀ ਹਮਲਾਵਰ ਸ਼ੈਲੀ ਸਾਹਮਣੇ ਸਵਿਸ ਟੀਮ ਨੇ ਸੰਜਮ ਅਤੇ ਮਜ਼ਬੂਤ ਰਣਨੀਤੀ ਦਾ ਪ੍ਰਦਰਸ਼ਨ ਕੀਤਾ। ਸ਼ੂਟਆਊਟ ਵਿੱਚ ਸਵਿਟਜ਼ਰਲੈਂਡ ਦੇ ਰੁਬੇਨ ਵਰਗਾਸ ਨੇ ਫ਼ੈਸਲਾਕੁਨ ਗੋਲ ਕੀਤਾ, ਜਦਕਿ ਗੋਲਕੀਪਰ ਗ੍ਰੇਗੋਰ ਕੋਬੇਲ ਨੇ ਸ਼ਾਨਦਾਰ ਬਚਾਅ ਕਰ ਕੇ ਟੀਮ ਦੀ ਜਿੱਤ ਯਕੀਨੀ ਬਣਾਈ। ਸਵਿਸ ਟੀਮ ਪ੍ਰਮੁੱਖ ਖਿਡਾਰੀਆਂ ਦੀਆਂ ਸੱਟਾਂ ਦੇ ਬਾਵਜੂਦ ਇਹ ਮੁਕਾਮ ਹਾਸਲ ਕਰਨ ਵਿੱਚ ਸਫਲ ਰਹੀ।

ਫੀਫਾ ਵੱਲੋਂ ਅਮਰੀਕੀ ਫੁਟਬਾਲ ਟੀਮ ਦੇ ਦੋ ਸਟਾਫ ਮੈਂਬਰ ਮੁਅੱਤਲ

ਫਲੋਰੀਡਾ: ਫੀਫਾ ਨੇ ਅਮਰੀਕੀ ਟੀਮ ਦੇ ਮੈਨੇਜਰ ਸੈਮ ਜ਼ਾਪਟਕਾ ਅਤੇ ਸੁਰੱਖਿਆ ਉਪ ਪ੍ਰਧਾਨ ਫਰੈਂਕ ਪੈਨਲ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਬੈਲਜੀਅਮ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਕੀਤੀ ਗਈ, ਜਿਸ ਵਿੱਚ ਹਾਰ ਕੇ ਅਮਰੀਕਾ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਸੀ। ਫੀਫਾ ਨੇ ਇਸ ਅਨੁਸ਼ਾਸਨੀ ਕਾਰਵਾਈ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ। ਅਮਰੀਕੀ ਫੁਟਬਾਲ ਫੈਡਰੇਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਦਾ ਸਟ੍ਰਾਈਕਰ ਫੋਲਾਰਿਨ ਬਾਲੋਗੁਨ ਦੇ ਰੈੱਡ ਕਾਰਡ ਨਾਲ ਕੋਈ ਸਬੰਧ ਨਹੀਂ ਹੈ।

Share: