ਸਾਬਕਾ ਐਮਪੀ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖ਼ਤਰੇ ’ਚ

ਸਾਬਕਾ ਐਮਪੀ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖ਼ਤਰੇ ’ਚ

ਵਿਨੀਪੈੱਗ : ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਓਂਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਲਾਅ ਸੁਸਾਇਟੀ ਆਫ਼ ਓਨਟਾਰੀਓ (LSO) ਨੇ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਖ਼ਿਲਾਫ਼ ਟਰੱਸਟ ਫ਼ੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਵਿੱਚ ਸ਼ਮੂਲੀਅਤ ਅਤੇ ਪੇਸ਼ੇਵਾਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾਅ ਸੁਸਾਇਟੀ ਟ੍ਰਿਬਿਊਨਲ ਵਿੱਚ ਹੋਣੀ ਹੈ।

ਗਰੇਵਾਲ, ਉਨ੍ਹਾਂ ਵੱਲੋਂ ਸਥਾਪਤ ਕੀਤੀ ਗਈ RSG Law ਫ਼ਰਮ, ਪਰਿਵਾਰਕ ਮੈਂਬਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਖ਼ਿਲਾਫ਼ ਇਸ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਇਨ੍ਹਾਂ ਵਿੱਚ ਕਰੋੜਾਂ ਡਾਲਰ ਦੇ ਕਰਜ਼ਿਆਂ ਅਤੇ ਮਾਰਟਗੇਜ ਦੀ ਅਦਾਇਗੀ ਨਾ ਕਰਨ, ਟਰੱਸਟ ਵਿੱਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ, ਜਾਇਦਾਦ ਸੁਰੱਖਿਆ ਰਿਕਾਰਡਾਂ ਵਿੱਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਹਨ। ਇੱਕ ਮਾਮਲੇ ਵਿੱਚ ਬੈਂਕ ਆਫ਼ ਨੋਵਾ ਸਕੋਸ਼ੀਆ ਨੇ ਦੋਸ਼ ਲਾਇਆ ਕਿ ਟੀ ਡੀ ਬੈਂਕ ਦੇ ਤਿੰਨ ਜਾਅਲੀ ਚੈੱਕਾਂ, ਜਿਨ੍ਹਾਂ ਦੀ ਕੁੱਲ ਰਕਮ 53 ਲੱਖ ਡਾਲਰ ਸੀ, ਨਾਲ ਜੁੜੀ ਲਗਪਗ 30 ਲੱਖ ਡਾਲਰ ਦੀ ਰਕਮ RSG Law ਦੇ ਟਰੱਸਟ ਖਾਤੇ ਵਿੱਚ ਪਹੁੰਚੀ। ਇਸ ਤੋਂ ਬਾਅਦ ਅਦਾਲਤ ਨੇ ਫ਼ਰਮ ਦੇ ਟਰੱਸਟ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਸਨ। ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਵਿੱਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ।

ਇੱਕ ਹੋਰ ਮੁਕੱਦਮੇ ਵਿੱਚ ਜਾਰਜ ਟਾਊਨ ਦੇ ਦੋ ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ RSG Law ਨੂੰ 42 ਲੱਖ ਡਾਲਰ ਟਰੱਸਟ ਵਿੱਚ ਦਿੱਤੇ ਗਏ ਸਨ ਤਾਂ ਜੋ ਰਾਇਲ ਬੈਂਕ ਦਾ ਮਾਰਟਗੇਜ ਅਦਾ ਕੀਤਾ ਜਾ ਸਕੇ, ਪਰ ਭੁਗਤਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਇੱਕੋ ਜਾਇਦਾਦ ‘ਤੇ ਦੋ ਮੋਰਟਗੇਜਾਂ ਦਾ ਬੋਝ ਝੱਲਣਾ ਪਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਵਿੱਚ ਰਿਣਦਾਤਾਵਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਗਰੇਵਾਲ ਅਤੇ ਸਬੰਧਿਤ ਕੰਪਨੀਆਂ ਨੂੰ 10.7 ਕਰੋੜ ਡਾਲਰ ਦੇ ਕਰਜ਼ੇ ਦਿੱਤੇ, ਜਿਨ੍ਹਾਂ ਵਿੱਚੋਂ 6.4 ਕਰੋੜ ਡਾਲਰ ਅਜੇ ਵੀ ਬਕਾਇਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਕਰਜ਼ਿਆਂ ਲਈ ਸੁਰੱਖਿਆ ਦਰਜ ਹੀ ਨਹੀਂ ਕਰਵਾਈ ਗਈ, ਜਦਕਿ ਕੁਝ ਜਾਇਦਾਦਾਂ ਉੱਤੇ ਦਰਜ ਸੁਰੱਖਿਆ ਬਿਨਾਂ ਮਨਜ਼ੂਰੀ ਹਟਾ ਦਿੱਤੀ ਗਈ।

ਇਨ੍ਹਾਂ ਮਾਮਲਿਆਂ ਦੇ ਨਾਲ-ਨਾਲ ਪੀਲ ਰੀਜਨਲ ਪੁਲੀਸ ਵੀ ਰੀਅਲ ਅਸਟੇਟ ਨਾਲ ਸਬੰਧਿਤ ਕੁਝ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਦੋਸ਼ ਦੀ ਅਦਾਲਤ ਵਿੱਚ ਪੁਸ਼ਟੀ ਨਹੀਂ ਹੋਈ ਅਤੇ ਗਰੇਵਾਲ ਨੇ ਆਪਣੇ ਵਕੀਲਾਂ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਪਾਰਕ ਲੈਣ-ਦੇਣ ਨਾਲ ਜੁੜੇ ਵਿਵਾਦ ਹਨ ਅਤੇ ਘੱਟੋ-ਘੱਟ ਤਿੰਨ ਕੇਸ ਪਹਿਲਾਂ ਹੀ ਸਮਝੌਤੇ ਨਾਲ ਨਿਪਟ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਰਾਜ ਗਰੇਵਾਲ 2018 ਵਿੱਚ ਉਸ ਵੇਲੇ ਸੁਰਖ਼ੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਕੈਸੀਨੋ ਵਿੱਚ ਜੂਏ ਦੌਰਾਨ ਲੱਖਾਂ ਡਾਲਰ ਗੁਆਉਣ ਦੀ ਗੱਲ ਮੰਨਦਿਆਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ਵਿੱਚ RCMP ਨੇ ਉਨ੍ਹਾਂ ਖ਼ਿਲਾਫ਼ ਅਹੁਦੇ ਦੀ ਦੁਰਵਰਤੋਂ ਦਾ ਕੇਸ ਦਰਜ ਕੀਤਾ ਸੀ, ਪਰ 2023 ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਹੁਣ ਨਵੇਂ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਪੇਸ਼ੇਵਾਰ ਸਾਖ ਅਤੇ ਕਾਨੂੰਨੀ ਭਵਿੱਖ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

Share: