Zojila Tunnel Breakthrough: 11,578 ਫੁੱਟ ਦੀ ਉਚਾਈ ‘ਤੇ ਜ਼ੋਜੀਲਾ ਸੁਰੰਗ ਦੀ ਆਖਰੀ ਖੁਦਾਈ ਦਾ ਕੰਮ ਮੁਕੰਮਲ

Zojila Tunnel Breakthrough: 11,578 ਫੁੱਟ ਦੀ ਉਚਾਈ ‘ਤੇ ਜ਼ੋਜੀਲਾ ਸੁਰੰਗ ਦੀ ਆਖਰੀ ਖੁਦਾਈ ਦਾ ਕੰਮ ਮੁਕੰਮਲ

ਸ੍ਰੀਨਗਰ : ਦੁਨੀਆ ਵਿੱਚ ਸਭ ਤੋਂ ਵੱਧ ਉਚਾਈ ‘ਤੇ ਸਥਿਤ ‘ਜ਼ੋਜੀਲਾ ਸੁਰੰਗ’ ਦੀ ਆਖਰੀ ਖੁਦਾਈ ਦਾ ਕੰਮ ਮੰਗਲਵਾਰ ਨੂੰ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜ਼ੋਜੀਲਾ ਵਿਖੇ ਹੋਏ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਮੌਕੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ (LG) ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਪ੍ਰੋਜੈਕਟ ਨੂੰ ਬਣਾਉਣ ਵਾਲੀ ਕੰਪਨੀ ‘ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟਰਕਚਰ ਲਿਮਟਿਡ’ (MEIL) ਨੇ ਕਿਹਾ ਕਿ 13.153 ਕਿਲੋਮੀਟਰ ਲੰਮੀ ਜ਼ੋਜੀਲਾ ਸੁਰੰਗ ਦੀ ਇਹ ਸਫ਼ਲਤਾ ਭਾਰਤ ਦੇ ਬੁਨਿਆਦੀ ਢਾਂਚੇ (infrastructure) ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ।

ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਬਾਲਟਾਲ (ਸੋਨਮਾਰਗ) ਅਤੇ ਮੀਨਾਮਾਰਗ (ਦਰਾਸ-ਕਾਰਗਿਲ) ਵਿਚਕਾਰ ਜ਼ੋਜੀਲਾ ਖੇਤਰ ਵਿੱਚ ਇਹ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸਦਾ ਮਕਸਦ ਭਾਰਤ ਦੇ ਸਭ ਤੋਂ ਚੁਣੌਤੀਪੂਰਨ ਹਿਮਾਲੀਅਨ ਲਾਂਘੇ ‘ਤੇ ਹਰ ਮੌਸਮ ਵਿੱਚ ਨਿਰਵਿਘਨ ਆਵਾਜਾਈ ਯਕੀਨੀ ਬਣਾਉਣਾ ਹੈ, ਜੋ ਹਰ ਸਾਲ ਭਾਰੀ ਬਰਫ਼ਬਾਰੀ, ਬਰਫ਼ ਦੇ ਤੋਦੇ ਡਿੱਗਣ ਅਤੇ ਖ਼ਰਾਬ ਮੌਸਮ ਕਾਰਨ ਲੰਮੇ ਸਮੇਂ ਲਈ ਬਾਕੀ ਦੇਸ਼ ਨਾਲੋਂ ਬਿਲਕੁਲ ਕੱਟਿਆ ਰਹਿੰਦਾ ਹੈ।

ਅਧਿਕਾਰੀਆਂ ਅਨੁਸਾਰ, ਅੱਜ ਇਸ ਸਫ਼ਲਤਾ ਨਾਲ ਖੁਦਾਈ ਦਾ ਕੰਮ ਪੂਰਾ ਹੋ ਗਿਆ ਹੈ। ਇਸ ਸੁਰੰਗ ਨੂੰ ਆਮ ਜਨਤਾ ਲਈ ਖੋਲ੍ਹੇ ਜਾਣ ਤੋਂ ਪਹਿਲਾਂ ਅਜੇ ਲਗਪਗ ਦੋ ਸਾਲ ਦਾ ਸਮਾਂ ਲੱਗਣ ਦੀ ਉਮੀਦ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰ ਤਲ ਤੋਂ 11,578 ਫੁੱਟ ਦੀ ਉਚਾਈ ‘ਤੇ ਸਥਿਤ ਇਹ ਸੁਰੰਗ “ਭਾਰਤ ਦੇ ਪਹਾੜੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਇੰਜੀਨੀਅਰਿੰਗ ਪ੍ਰਾਪਤੀਆਂ ਵਿੱਚੋਂ ਇੱਕ ਹੈ।”

ਅਧਿਕਾਰੀਆਂ ਮੁਤਾਬਕ, ਇੱਕ ਵਾਰ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਸ੍ਰੀਨਗਰ ਅਤੇ ਲੱਦਾਖ ਵਿਚਕਾਰ 365 ਦਿਨ ਸੰਪਰਕ ਯਕੀਨੀ ਬਣਾਏਗਾ, ਜਿਸ ਨਾਲ ਦਰਾਸ, ਕਾਰਗਿਲ, ਲੇਹ ਅਤੇ ਆਸ-ਪਾਸ ਦੇ ਇਲਾਕਿਆਂ ਤੱਕ ਪਹੁੰਚ ਆਸਾਨ ਹੋ ਜਾਵੇਗੀ। ਇਸ ਦੇ ਨਾਲ ਹੀ ਇਹ ਸੰਵੇਦਨਸ਼ੀਲ ਸਰਹੱਦੀ ਖੇਤਰ ਵਿੱਚ ਆਵਾਜਾਈ, ਲੌਜਿਸਟਿਕਸ ਦੀ ਭਰੋਸੇਯੋਗਤਾ ਅਤੇ ਰਣਨੀਤਕ ਪਹੁੰਚ ਨੂੰ ਮਜ਼ਬੂਤ ਕਰੇਗਾ।

ਜ਼ੋਜੀਲਾ ਸੁਰੰਗ ਨਾਲ ਇਸ ਖੇਤਰ ਵਿੱਚ ਆਮ ਨਾਗਰਿਕਾਂ ਅਤੇ ਫੌਜ ਦੋਵਾਂ ਦੀ ਆਵਾਜਾਈ ਵਿੱਚ ਵੱਡਾ ਸੁਧਾਰ ਹੋਣ ਦੀ ਉਮੀਦ ਹੈ।

Share: