ਕੇਂਦਰੀ ਜੇਲ੍ਹ ’ਚ ਮੁੜ ਮਿਲੇ ਮੋਬਾਇਲ; ਪ੍ਰਸ਼ਾਸਨ ’ਚ ਮਚੀ ਹਲਚਲ

ਫਿਰੋਜ਼ਪੁਰ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਕਾਰਨ ਜੇਲ੍ਹ ਸੁਰੱਖਿਆ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਬੀਤੇ ਦਿਨ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ 8 ਮੋਬਾਇਲ ਫ਼ੋਨ, ਸਿੰਮ ਕਾਰਡ ਅਤੇ ਡਾਟਾ ਕੇਬਲ ਬਰਾਮਦ ਕੀਤੇ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ 11 ਹਵਾਲਾਤੀਆਂ ਤੇ ਕੈਦੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਥਾਣਾ ਸਿਟੀ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਮੁਸਤੈਦੀ ਸਦਕਾ ਬੈਰਕਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਦੌਰਾਨ ਹਵਾਲਾਤੀ ਸੁਰਜੀਤ ਸਿੰਘ, ਹਵਾਲਾਤੀ ਗੁਰਪ੍ਰੀਤ ਸਿੰਘ, ਹਵਾਲਾਤੀ ਰਿਸ਼ਵ ਮਨਜੋਤਰਾ ਉਰਫ਼ ਰਿਸ਼ੀ ਅਤੇ ਹਵਾਲਾਤੀ ਬਿੱਟੂ ਦੇ ਕਬਜ਼ੇ ਵਿੱਚੋਂ ਇੱਕ-ਇੱਕ ਮੋਬਾਇਲ ਫ਼ੋਨ ਬਰਾਮਦ ਹੋਇਆ। ਜੇਲ੍ਹ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਤਲਾਸ਼ੀ ਦੌਰਾਨ ਇੱਕ ਹਾਈ-ਰਿਸਕ ਹਵਾਲਾਤੀ ਕੁਲਦੀਪ ਸਿੰਘ ਕੋਲੋਂ ਵੀ ਇੱਕ ਮੋਬਾਇਲ ਫ਼ੋਨ, ਦੋ ਸਿੰਮ ਕਾਰਡ ਅਤੇ ਇੱਕ ਡਾਟਾ ਕੇਬਲ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਹਵਾਲਾਤੀ ਮਾਣਕ ਕੋਲੋਂ ਬਿਨਾਂ ਸਿੰਮ ਕਾਰਡ ਤੋਂ ਇੱਕ ਮੋਬਾਇਲ ਮਿਲਿਆ। ਇਸ ਤੋਂ ਇਲਾਵਾ ਹਵਾਲਾਤੀ ਰਾਹੁਲ ਅਤੇ ਹਵਾਲਾਤੀ ਸੌਰਵ ਉਰਫ਼ ਲੁਹਾਡਾ ਕੋਲੋਂ ਵੀ ਇੱਕ ਮੋਬਾਇਲ ਫ਼ੋਨ ਜ਼ਬਤ ਕੀਤਾ ਗਿਆ ਹੈ। ਚੈਕਿੰਗ ਦੌਰਾਨ ਹਵਾਲਾਤੀ ਹਰਜੀਤ ਸਿੰਘ, ਕੈਦੀ ਬਲਦੇਵ ਸਿੰਘ ਅਤੇ ਹਵਾਲਾਤੀ ਕੁਲਦੀਪ ਸਿੰਘ ਕੋਲੋਂ ਵੀ ਸਿੰਮ ਕਾਰਡ ਸਮੇਤ ਇੱਕ ਮੋਬਾਇਲ ਫ਼ੋਨ ਬਰਾਮਦ ਹੋਇਆ। ਸਥਾਨਕ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਇਨ੍ਹਾਂ 11 ਦੋਸ਼ੀ ਹਵਾਲਾਤੀਆਂ ਅਤੇ ਕੈਦੀਆਂ ਖ਼ਿਲਾਫ਼ ਜੇਲ੍ਹ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੀਆਂ ਉੱਚੀਆਂ ਕੰਧਾਂ ਅਤੇ ਸਖ਼ਤ ਸੁਰੱਖਿਆ ਘੇਰੇ ਦੇ ਬਾਵਜੂਦ ਇਹ ਨਜਾਇਜ਼ ਸਾਮਾਨ ਅਤੇ ਮੋਬਾਇਲ ਫ਼ੋਨ ਜੇਲ੍ਹ ਦੇ ਅੰਦਰ ਤੱਕ ਕਿਸ ਤਰ੍ਹਾਂ ਪਹੁੰਚੇ। ਪੁਲੀਸ ਮੁਤਾਬਿਕ ਦੋਸ਼ੀਆਂ ਨੂੰ ਜਲਦ ਹੀ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਇਸ ਗੋਰਖਧੰਦੇ ਦੇ ਪਿੱਛੇ ਛਿਪੇ ਹੋਰ ਚਿਹਰਿਆਂ ਨੂੰ ਬੇਨਕਾਬ ਕੀਤਾ ਜਾ ਸਕੇ।

Share: