‘The Voice of Hind Rajab’ ਭਾਰਤ ’ਚ 19 ਨੂੰ ਰਿਲੀਜ਼ ਹੋਵੇਗੀ

‘The Voice of Hind Rajab’ ਭਾਰਤ ’ਚ 19 ਨੂੰ ਰਿਲੀਜ਼ ਹੋਵੇਗੀ

ਮੁੰਬਈ : ਗਾਜ਼ਾ ਵਿੱਚ ਇਜ਼ਰਾਇਲੀ ਫੌਜਾਂ ਵੱਲੋਂ ਪੰਜ ਸਾਲਾ ਫ਼ਲਸਤੀਨੀ ਬੱਚੀ ਦੀ ਹੱਤਿਆ ’ਤੇ ਆਧਾਰਿਤ ਅਤੇ ਆਸਕਰ ਲਈ ਨਾਮਜ਼ਦ ਅਸਲ ਕਹਾਣੀ ‘ਦਿ ਵੁਆਇਸ ਆਫ ਹਿੰਦ ਰਜਬ’ ਨੂੰ ਆਖਰਕਾਰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਜਿਸ ਨਾਲ 19 ਜੂਨ ਨੂੰ ਇਸ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦਾ ਰਸਤਾ ਸਾਫ ਹੋ ਗਿਆ ਹੈ।

ਇਹ ਫਿਲਮ ਸ਼ੁਰੂ ਵਿੱਚ ਮਾਰਚ ਮਹੀਨੇ ’ਚ ਭਾਰਤ ਵਿੱਚ ਰਿਲੀਜ਼ ਹੋਣੀ ਸੀ, ਪਰ ਫਿਲਮਾਂ ਨੂੰ ਸਰਟੀਫਿਕੇਟ ਦੇਣ ਵਾਲੀ ਸੰਸਥਾ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ ਬੀ ਐੱਫ ਸੀ) ਕੋਲ ਲਮਕ ਗਈ ਸੀ। 98ਵੇਂ ਅਕੈਡਮੀ ਐਵਾਰਡਜ਼ (ਆਸਕਰ) ਵਿੱਚ ਸਰਵੋਤਮ ਕੌਮਾਂਤਰੀ ਫਿਲਮ ਦੀ ਸ਼੍ਰੇਣੀ ਵਿੱਚ ਨਾਮਜ਼ਦ ਇਸ ਫਿਲਮ ਨੂੰ ‘ਜੈ ਵਿਰਾਤਰਾ ਐਂਟਰਟੇਨਮੈਂਟ ਲਿਮਟਿਡ’ ਦੇ ਡਿਸਟ੍ਰੀਬਿਊਟਰ ਮਨੋਜ ਨੰਦਵਾਨਾ ਵੱਲੋਂ ਭਾਰਤ ਦੇ ਨਾਲ-ਨਾਲ ਪਾਕਿਸਤਾਨ, ਸ੍ਰੀਲੰਕਾ, ਮਾਲਦੀਵ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਰਿਲੀਜ਼ ਕਰਨ ਲਈ ਖਰੀਦਿਆ ਗਿਆ ਹੈ। ਮਨੋਜ ਨੰਦਵਾਨਾ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਸਭ ਤੋਂ ਪਹਿਲਾਂ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ, ਭਾਰਤ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ‘ਦਿ ਵੁਆਇਸ ਆਫ ਹਿੰਦ ਰਜਬ’ ਨੂੰ ਬਿਨਾ ਕਿਸੇ ਕੱਟ ਦੇ ਸਰਟੀਫਿਕੇਟ ਦਿੱਤਾ ਅਤੇ ਭਾਰਤੀ ਦਰਸ਼ਕਾਂ ਨੂੰ ਇਸ ਮਹੱਤਵਪੂਰਨ ਸਿਨੇਮੈਟਿਕ ਕੰਮ ਨੂੰ ਦੇਖਣ ਦਾ ਮੌਕਾ ਦਿੱਤਾ।’’

ਨੰਦਵਾਨਾ ਨੇ ਕਿਹਾ, ‘‘ਜੈ ਵਿਰਾਤਰਾ ਐਂਟਰਟੇਨਮੈਂਟ ਲਿਮਟਿਡ ਵਿੱਚ, ਸਾਡਾ ਪੱਕਾ ਵਿਸ਼ਵਾਸ ਹੈ ਕਿ ਸਿਨੇਮਾ ਕਹਾਣੀ ਸੁਣਾਉਣ, ਸੰਵਾਦ ਅਤੇ ਵੱਖ-ਵੱਖ ਮਨੁੱਖੀ ਅਨੁਭਵਾਂ ਨੂੰ ਸਮਝਣ ਦਾ ਇੱਕ ਸ਼ਕਤੀਸ਼ਾਲੀ ਜ਼ਰੀਆ ਹੈ।’’ ਟਿਊਨਿਸ਼ੀਆ ਦੇ ਫਿਲਮ ਨਿਰਮਾਤਾ ਕੌਥਰ ਬੇਨ ਹਾਨੀਆ ਵੱਲੋਂ ਨਿਰਦੇਸ਼ਿਤ ਇਹ ਫਿਲਮ ਹਿੰਦ ਰਜਬ ਦੀ ਦਰਦਨਾਕ ਕਹਾਣੀ ’ਤੇ ਚਾਨਣਾ ਪਾਉਂਦੀ ਹੈ, ਜਿਸ ਦੀ ਇਜ਼ਰਾਈਲ-ਗਾਜ਼ਾ ਜੰਗ ਦੌਰਾਨ ਹੋਈ ਮੌਤ ਨੇ ਪੂਰੀ ਦੁਨੀਆ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਸੀ।

Share: