Burail Jail: ਵਿਚੋਲੇ ਦੀ ਪੀੜਾ: ਝੱਲ ਨਹੀਓਂ ਹੁੰਦਾ ਪਿੱਠ ਦਾ ਦਰਦ…

Burail Jail: ਵਿਚੋਲੇ ਦੀ ਪੀੜਾ: ਝੱਲ ਨਹੀਓਂ ਹੁੰਦਾ ਪਿੱਠ ਦਾ ਦਰਦ…

ਚੰਡੀਗਡ਼੍ਹ : ‘ਬੜੈਲ ਜੇਲ੍ਹ ’ਚ ‘ਰਿਸ਼ਵਤ ਕਾਂਡ’ ਮਾਮਲੇ ’ਚ ਬੰਦ ਮਲੋਟ ਦੇ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਤੋਂ ਪਿੱਠ ਦਰਦ ਦੀ ਤਕਲੀਫ਼ ਝੱਲੀ ਨਹੀਂ ਜਾ ਰਹੀ ਪ੍ਰੰਤੂ ਜੇਲ੍ਹ ਪ੍ਰਸ਼ਾਸਨ ਕੋਈ ਗ਼ੌਰ ਨਹੀਂ ਕਰ ਰਿਹਾ ਹੈ।’ ਮੁਲਜ਼ਮ ਵਿਕਾਸ ਗੋਇਲ ਨੇ ਆਪਣੀ ਇਹ ਦਰਦ ਕਹਾਣੀ ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ਅੱਗੇ ਰੱਖੀ ਹੈ। ਵਿਕਾਸ ਗੋਇਲ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ ਅਤੇ ਸੈਕਟਰ-32 ਦੇ ਸਰਕਾਰੀ ਹਸਪਤਾਲ ’ਚ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਹੱਡੀਆਂ ਦੇ ਮਾਹਿਰ ਡਾਕਟਰ ਤੋਂ ਸਲਾਹ ਲੈਣ ਲਈ ਕਿਹਾ ਸੀ।

ਵਿਕਾਸ ਗੋਇਲ ਨੇ ਸ਼ਿਕਾਇਤ ਕੀਤੀ ਕਿ ਬੜੈਲ ਜੇਲ੍ਹ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਵਿਕਾਸ ਗੋਇਲ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ ਅਤੇ ਗੋਇਲ ਨੇ ਆਪਣੀ ਪੇਸ਼ੀ ਵੀ ਹਸਪਤਾਲ ’ਚੋਂ ਹੀ ਭੁਗਤੀ ਸੀ। ਸੂਤਰ ਆਖਦੇ ਹਨ ਕਿ ਜੇਲ੍ਹ ਪ੍ਰਸ਼ਾਸਨ ਵਿਕਾਸ ਗੋਇਲ ਦੀ ਬਿਮਾਰੀ ਨੂੰ ਸ਼ੱਕੀ ਨਜ਼ਰਾਂ ਨਾਲ ਦੇਖ ਰਿਹਾ ਹੈ। ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨਿਰਦੇਸ਼ ਦਿੱਤੇ ਹਨ ਕਿ ਜੇਲ੍ਹ ਮੈਨੂਅਲ ਅਤੇ ਸੈਕਟਰ 32 ਦੇ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਦੇ ਅਧਾਰ ’ਤੇ ਵਿਕਾਸ ਗੋਇਲ ਦਾ ਤੁਰੰਤ ਇਲਾਜ ਕਰਵਾਇਆ ਜਾਵੇ।

ਇਤਫ਼ਾਕ ਹੀ ਸਮਝੋ ਕਿ ਸੀ ਬੀ ਆਈ ਵੱਲੋਂ ਫੜੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਵੀ ਜੇਲ੍ਹ ਜਾਣ ਮਗਰੋਂ ਪਿੱਠ ਦਰਦ ਦੀ ਸ਼ਿਕਾਇਤ ਰੱਖੀ ਸੀ। ਅਦਾਲਤ ’ਚ ਅਰਜ਼ੀ ਦਾਇਰ ਕਰਕੇ ਪੁਲੀਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਜੇਲ੍ਹ ਅੰਦਰ ਗੱਦਾ ਮੁਹੱਈਆ ਕਰਾਏ ਜਾਣ ਦੀ ਮੰਗ ਕੀਤੀ ਸੀ ਅਤੇ ਅਦਾਲਤ ਨੇ ਜੇਲ੍ਹ ਮੈਨੂਅਲ ਅਨੁਸਾਰ ਹਰਚਰਨ ਸਿੰਘ ਭੁੱਲਰ ਦੀ ਮੰਗ ’ਤੇ ਗ਼ੌਰ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਸੀ। ਪਿੱਠ ਦਰਦ ਦੀ ਸ਼ਿਕਾਇਤ ਹੁਣ ਮਲੋਟ ਦੇ ਵਿਕਾਸ ਗੋਇਲ ਨੇ ਦਰਜ ਕਰਾਈ ਹੈ।

ਅਸਲ ’ਚ ਵਿਕਾਸ ਗੋਇਲ ਦਾ ਸਰੀਰਕ ਵਜ਼ਨ ਕਾਫ਼ੀ ਜ਼ਿਆਦਾ ਹੈ ਅਤੇ ਜੇਲ੍ਹ ਝੱਲਣੀ ਕਾਰੋਬਾਰੀ ਲੋਕਾਂ ਲਈ ਸੌਖੀ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੇ ਇੱਕ ਹੋਟਲ ’ਚ 13 ਲੱਖ ਰੁਪਏ ਦੀ ਨਗਦੀ ਤੇ ਮੋਬਾਈਲ ਫ਼ੋਨ ਸਮੇਤ ਦਬੋਚਿਆ ਸੀ। ਸੀ ਬੀ ਆਈ ਨੇ ਟਰੈਪ ਕੇਸ ’ਚ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਅੰਬਾਲਾ ਲਾਗਿਓਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਰੀਡਰ ਰਾਣਾ ਫ਼ਰਾਰ ਹੋ ਗਿਆ ਸੀ।

ਡਰਾਈਵਰ ਅੰਕਿਤ ਵਧਵਾ ਨੂੰ ਉਸ ਮਗਰੋਂ ਹੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ ਜਦੋਂ ਕਿ ਵਿਕਾਸ ਗੋਇਲ ਅਤੇ ਰਾਘਵ ਗੋਇਲ ਤੋਂ ਪੁੱਛਗਿੱਛ ਕੀਤੀ ਗਈ ਸੀ। ਮਲੋਟ ’ਚ ਤਾਇਨਾਤ ਟੈਕਸ ਅਧਿਕਾਰੀ ਦੀ ਸ਼ਿਕਾਇਤ ’ਤੇ ਸੀ ਬੀ ਆਈ ਨੇ ਟਰੈਪ ਅਪਰੇਸ਼ਨ ਕੀਤਾ ਸੀ ਜਿਸ ’ਚ ਹੁਣ ਵਿਜੀਲੈਂਸ ਵੀ ਘਿਰਦੀ ਨਜ਼ਰ ਆ ਰਹੀ ਹੈ।

Share: