ਬਰਾਤਿਸਲਾਵਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸਲੋਵਾਕੀਆ ਦੇ ਸਰਵਉੱਚ ਸਨਮਾਨ ‘ਆਰਡਰ ਆਫ ਦਿ ਵ੍ਹਾਈਟ ਡਬਲ ਕਰਾਸ’ (ਪਹਿਲਾ ਦਰਜਾ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤ ਅਤੇ ਸਲੋਵਾਕੀਆ ਨੇ ਅੱਜ ਆਪਣੇ ਸਬੰਧਾਂ ਨੂੰ ‘ਵਿਆਪਕ ਭਾਈਵਾਲੀ’ ਦੇ ਪੱਧਰ ਤੱਕ ਵਧਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਲੋਵਾਕ ਹਮਰੁਤਬਾ ਰੌਬਰਟ ਫਿਕੋ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਦੁਵੱਲੇ ਵਪਾਰ ਤੇ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਦਾ ਅਹਿਦ ਲਿਆ ਗਿਆ। ਦੋਵਾਂ ਆਗੂਆਂ ਨੇ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਨੂੰ ‘ਜਲਦੀ ਤੋਂ ਜਲਦੀ’ ਲਾਗੂ ਕਰਨ ਲਈ ਕੰਮ ਕਰਨ ’ਤੇ ਵੀ ਸਹਿਮਤੀ ਜਤਾਈ।
ਦੋਵਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਰੱਖਿਆ ਸਹਿਯੋਗ ਬਾਰੇ ‘ਸਹਿਮਤੀ ਪੱਤਰ’ ਨੂੰ ਅੰਤਿਮ ਰੂਪ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨਾਲ ਦੋਵਾਂ ਧਿਰਾਂ ਦੇ ਰੱਖਿਆ ਉਦਯੋਗਾਂ ਵਿਚਾਲੇ ਸਹਿਯੋਗ ਨੂੰ ਨਵੀਂ ਗਤੀ ਮਿਲੇਗੀ। ਪ੍ਰਧਾਨ ਮੰਤਰੀ ਮੋਦੀ ਨੇ ਰੌਬਰਟ ਫਿਕੋ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਜਨਤਕ ਤੌਰ ’ਤੇ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਆਪਣੀ ਹਫ਼ਤਾ ਭਰ ਚੱਲਣ ਵਾਲੀ ਯੂਰੋਪ ਯਾਤਰਾ ਦੇ ਹਿੱਸੇ ਵਜੋਂ ਬ੍ਰਾਤਿਸਲਾਵਾ ਵਿੱਚ ਹਨ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਲੋਵਾਕੀਆ ਦੀ ਇਹ ਪਹਿਲੀ ਯਾਤਰਾ ਹੈ।
ਉਨ੍ਹਾਂ ਮੀਡੀਆ ’ਤੇ ਕਿਹਾ, ‘‘ਅਸੀਂ ਆਪਣੇ ਸਬੰਧਾਂ ਨੂੰ ਵਿਆਪਕ ਭਾਈਵਾਲੀ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਸਾਡੇ ਸਾਂਝੇ ਭਰੋਸਿਆਂ, ਸਾਂਝੀਆਂ ਤਰਜੀਹਾਂ ਅਤੇ ਸਾਂਝੇ ਭਵਿੱਖ ਦਾ ਪ੍ਰਤੀਕ ਹੈ।’’ ਮੋਦੀ ਨੇ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਸਲੋਵਾਕੀਆ ਵੱਲੋਂ ਦਿੱਤੇ ਸਹਿਯੋਗ ਲਈ ਫਿਕੋ ਦਾ ਧੰਨਵਾਦ ਵੀ ਕੀਤਾ।

