Sanjay Gupta ਨੇ ਪੀ ਐੱਸ ਈ ਆਰ ਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

Sanjay Gupta ਨੇ ਪੀ ਐੱਸ ਈ ਆਰ ਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਐੱਸ ਏ ਐੱਸ ਨਗਰ (ਮੁਹਾਲੀ): ਸੇਵਾਮੁਕਤ ਆਈ ਏ ਐੱਸ ਅਧਿਕਾਰੀ ਸੰਜੈ ਗੁਪਤਾ ਨੇ ਅੱਜ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ। ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁਹਾਲੀ ਦੇ ਫੇਜ਼ ਅੱਠ ਵਿਚਲੇ ਵਿਕਾਸ ਭਵਨ ਵਿੱਚ ਗੁਪਤਾ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਗੁਪਤਾ 1988 ਬੈਚ ਦੇ ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਹਨ, ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਕਈ ਹੋਰ ਪ੍ਰਮੁੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ।

ਗੁਪਤਾ ਨੂੰ ਵੱਕਾਰੀ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੰਦਿਆਂ ਬਿਜਲੀ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦਾ ਵਿਸ਼ਾਲ ਪ੍ਰਸ਼ਾਸਕੀ ਤਜਰਬਾ ਅਤੇ ਸ਼ਾਸਨ ਦੀ ਡੂੰਘੀ ਸਮਝ ਪੰਜਾਬ ਵਿੱਚ ਬਿਜਲੀ ਸੈਕਟਰ ਦੇ ਰੈਗੂਲੇਟਰੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ। ਨਵ-ਨਿਯੁਕਤ ਚੇਅਰਪਰਸਨ ਸੰਜੈ ਗੁਪਤਾ ਨੇ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਕਮਿਸ਼ਨ, ਬਿਜਲੀ ਐਕਟ 2003 ਦੇ ਉਪਬੰਧਾਂ ਅਨੁਸਾਰ ਕੰਮ ਕਰਨਾ ਜਾਰੀ ਰੱਖੇਗਾ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਦੇ ਨਾਲ-ਨਾਲ ਬਿਜਲੀ ਖੇਤਰ ਦੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਗੁਪਤਾ ਨੇ ਕਿਹਾ ਕਿ ਟਰਾਂਸਮਿਸ਼ਨ ਲੌਸਿਜ਼ ਨੂੰ ਕੰਟਰੋਲ ਅਤੇ ਮੁੱਦਿਆਂ ਨੂੰ ਹੱਲ ਕਰ ਕੇ ਲੋੜੀਂਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਪਾਵਰਕੌਮ ਦੇ ਸੀ ਐੱਮ ਡੀ ਡਾ. ਬਸੰਤ ਗਰਗ, ਮੈਂਬਰ ਪੀ ਐੱਸ ਈ ਆਰ ਸੀ ਰਵਿੰਦਰ ਸਿੰਘ ਸੈਣੀ ਅਤੇ ਰਵੀ ਕੁਮਾਰ, ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਦਰਪਾਲ ਸਿੰਘ ਸਮੇਤ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ, ਨਵ-ਨਿਯੁਕਤ ਚੇਅਰਪਰਸਨ ਦੇ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ।

Share: