Sago Club Sealed: ਰੈਪਰ ਬਾਦਸ਼ਾਹ ਦਾ ਚੰਡੀਗੜ੍ਹ ਵਿਚਲਾ ਕਲੱਬ ਸੀਲ

Sago Club Sealed: ਰੈਪਰ ਬਾਦਸ਼ਾਹ ਦਾ ਚੰਡੀਗੜ੍ਹ ਵਿਚਲਾ ਕਲੱਬ ਸੀਲ

ਚੰਡੀਗਡ਼੍ਹ : ਚੰਡੀਗੜ੍ਹ ਯੂ ਟੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ ਸ਼ਹਿਰ ਵਿੱਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸੈਕਟਰ 26 ਸਥਿਤ ਰੈਪਰ ਬਾਦਸ਼ਾਹ ਦੇ ‘ਸਾਗੋ’ ਕਲੱਬ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵੱਖਰੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਸਟੇਟ ਵਿਭਾਗ ਨੇ ਸੈਕਟਰ 17 ਵਿੱਚ ਸ਼ੋਅਰੂਮ ਨੂੰ ਸੀਲ ਕੀਤਾ ਹੈ। ਇਹ ਕਾਰਵਾਈ ਅਸਟੇਟ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਕੀਤੀ। ਅਸਟੇਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰੈਪਰ ਬਾਦਸ਼ਾਹ ਦੇ ਕਲੱਬ ਵੱਲੋਂ ਬਿਲਡਿੰਗ ਨਿਯਮਾਂ ਦੀ ਵਧੇਰੇ ਉਲੰਘਣਾ ਕੀਤੀ ਗਈ ਸੀ। ਕਲੱਬ ਵਿੱਚ ਕੈਬਿਨ, ਬਾਥਰੂਮ, ਰਸੋਈ ਅਤੇ ਕੋਲਡ ਸਟੋਰ ਬਣਾਉਣ ’ਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ੈੱਡ ਲਾ ਕੇ ਹੋਰ ਕਈ ਬਦਲਾਅ ਕੀਤੇ ਹੋਏ ਸਨ। ਇਸ ਸਬੰਧੀ ਅਸਟੇਟ ਵਿਭਾਗ ਨੇ 25 ਅਪਰੈਲ 2024 ਨੂੰ ਸਾਗੋ ਕਲੱਬ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਪਰ ਵਿਭਾਗ ਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਅਸਟੇਟ ਵਿਭਾਗ ਨੇ ਕਈ ਨੋਟਿਸ ਜਾਰੀ ਕੀਤੇ ਪਰ ਠੋਸ ਜਵਾਬ ਨਾ ਮਿਲਣ ’ਤੇ ਅੱਜ ਕਲੱਬ ਨੂੰ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਅਸਟੇਟ ਵਿਭਾਗ ਨੇ ਸੈਕਟਰ 17 ਵਿੱਚ ਸਥਿਤ ਹੋਰ ਸ਼ੋਅਰੂਮ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਸੀਲ ਕਰ ਦਿੱਤਾ। ਅਸਟੇਟ ਵਿਭਾਗ ਵੱਲੋਂ ਸ਼ਹਿਰ ਵਿੱਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਦਰਜਨਾਂ ਕਲੱਬਾਂ ਅਤੇ ਬਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਦੋਂ ਕਿ ਪਿਛਲੇ ਸਾਲ 10 ਕਲੱਬਾਂ ਅਤੇ ਬਾਰਾਂ ਨੂੰ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਸੀਲ ਕਰ ਦਿੱਤਾ ਗਿਆ ਸੀ। ਅਸਟੇਟ ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਕਲੱਬ, ਹੋਟਲ, ਰੈਸਟੋਰੈਂਟ ਅਤੇ ਬਾਰ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਹਾਲੇ ਵੀ ਨਿਯਮਾਂ ਅਨੁਸਾਰ ਇਮਾਰਤਾਂ ਨੂੰ ਠੀਕ ਨਾ ਕੀਤਾ ਗਿਆ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share: