Punjab weather: ਮੀਂਹ ਨਾਲ ਗਰਮੀ ਤੋਂ ਰਾਹਤ

Punjab weather: ਮੀਂਹ ਨਾਲ ਗਰਮੀ ਤੋਂ ਰਾਹਤ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਹਨੇਰੀ ਤੇ ਝੱਖੜ ਮਗਰੋਂ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ, ਜਿਸ ਕਰਕੇ ਪੰਜਾਬ ’ਚ ਕਈ ਥਾਵਾਂ ’ਤੇ ਦਰੱਖਤ ਅਤੇ ਪਟਿਆਲਾ ਵਿੱਚ ਬਿਜਲੀ ਦੇ ਖੰਭੇ ਡਿੱਗਣ ਦੀ ਰਿਪੋਰਟਾਂ ਹਨ। ਅੰਮ੍ਰਿਤਸਰ ਵਿੱਚ ਕੰਧ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮੀਂਹ ਤੇ ਹਨੇਰੀ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਕਾਫੀ ਸਮਾਂ ਠੱਪ ਰਹੀ ਹੈ। ਮੁਹਾਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਵੇਰੇ 5 ਵਜੇ ਚਲੀ ਗਈ, ਜੋ ਦੁਪਹਿਰ ਦੁਪਹਿਰ12 ਵਜੇ ਦੇ ਕਰੀਬ ਬਹਾਲ ਹੋਈ।

ਮੀਂਹ ਤੇ ਗੜੇਮਾਰੀ ਕਰਕੇ ਸੂਬੇ ਵਿੱਚ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 7 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ 12 ਜੂਨ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਤੇ ਹਨੇਰੀ ਦੇ ਨਾਲ ਨਾਲ ਕਈ ਇਲਾਕਿਆਂ ਵਿੱਚ ਗੜੇਮਾਰੀ ਦੀ ਪੇਸ਼ੀਨਗੋਈ ਵੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਨਵਾਂ ਸ਼ਹਿਰ ਅਤੇ ਮੁਹਾਲੀ ਸਣੇ ਕਈ ਹੋਰ ਇਲਾਕਿਆਂ ਵਿੱਚ ਹਨੇਰੀ ਤੋਂ ਬਾਅਦ ਮੀਂਹ ਪਿਆ ਹੈ। ਬਾਅਦ ਦੁਪਹਿਰ ਮੁੜ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੌਸਮ ਖਰਾਬ ਹੋ ਗਿਆ ਅਤੇ ਸ਼ਾਮ ਸਮੇਂ ਅੰਮ੍ਰਿਤਸਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਕਈ ਇਲਾਕਿਆਂ ਵਿੱਚ ਝੱਖੜ ਤੋਂ ਬਾਅਦ ਗੜੇਮਾਰੀ ਹੋਈ ਹੈ। ਮੀਂਹ ਕਾਰਨ ਕਿਸਾਨਾਂ ਨੂੰ ਰਾਹਤ ਮਿਲੀ ਹੈ ਅਤੇ ਉਨ੍ਹਾਂ ਝੋਨੇ ਦੀ ਲੁਆਈ ਤੇਜ਼ ਕਰ ਦਿੱਤੀ ਹੈ। ਚੰਡੀਗੜ੍ਹ ਵਿੱਚ 1 ਐੱਮ ਐੱਮ, ਅੰਮ੍ਰਿਤਸਰ ਵਿੱਚ 9.6 ਐੱਮ ਐੱਮ, ਲੁਧਿਆਣਾ ਵਿੱਚ 16 ਐੱਮ ਐੱਮ, ਪਟਿਆਲਾ ਵਿੱਚ 14.4 ਐੱਮ ਐੱਮ, ਮੁਹਾਲੀ ਵਿੱਚ 3.5 ਐੱਮ ਐੱਮ ਮੀਂਹ ਪਿਆ ਹੈ।

ਪਾਵਰਕੌਮ ਨੇ ਸੁੱਖ ਦਾ ਸਾਹ ਲਿਆ

ਮੀਂਹ, ਹਨੇਰੀ ਤੇ ਗੜੇਮਾਰੀ ਤੋਂ ਬਾਅਦ ਅੱਜ ਰਾਤ ਨੂੰ 9 ਵਜੇ ਦੇ ਕਰੀਬ ਬਿਜਲੀ ਦੀ ਮੰਗ 3500 ਤੋਂ 4 ਹਜ਼ਾਰ ਮੈਗਾਵਾਟ ਦਰਮਿਆਨ ਦਰਜ ਕੀਤੀ ਗਈ। ਦਿਨ ਸਮੇਂ ਇਹ ਮੰਗ 15 ਹਜ਼ਾਰ ਮੈਗਾਵਾਟ ’ਤੇ ਪਹੁੰਚ ਗਈ ਸੀ। ਲੰਘੇ ਦਿਨ ਪੰਜਾਬ ਵਿੱਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਸੀ।

Share: