ਜਾਣੋ ਅੰਮ੍ਰਿਤਸਰ ਦੀ ਉਸ ਲੜਕੀ ਬਾਰੇ, ਜਿਸ ਦੇ ਇੱਕੋ ਸਵਾਲ ਨੇ PSEB ਨੂੰ ਵੱਡਾ ਨਿਯਮ ਬਦਲਣ ਲਈ ਕੀਤਾ ਮਜਬੂਰ

ਜਾਣੋ ਅੰਮ੍ਰਿਤਸਰ ਦੀ ਉਸ ਲੜਕੀ ਬਾਰੇ, ਜਿਸ ਦੇ ਇੱਕੋ ਸਵਾਲ ਨੇ PSEB ਨੂੰ ਵੱਡਾ ਨਿਯਮ ਬਦਲਣ ਲਈ ਕੀਤਾ ਮਜਬੂਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਇੱਕ ਛੋਟੇ ਜਿਹੇ ਪਿੰਡ ਤਾਹਿਰਪੁਰਾ ਦੀ ਰਹਿਣ ਵਾਲੀ ਗਗਨਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਐਤਵਾਰ ਨੂੰ ਸਿੱਖਿਆ ਵਿਭਾਗ ਦੀ ਉਸ ਨੀਤੀ ‘ਤੇ ਸਵਾਲ ਉਠਾਇਆ ਸੀ, ਜਿਸ ਦੇ ਤਹਿਤ ਵਿਦਿਆਰਥੀਆਂ ਦੇ ਅੰਕ ਬਰਾਬਰ ਹੋਣ ‘ਤੇ ਚੋਟੀ ਦੇ ਤਿੰਨ ਸਥਾਨ ਉਮਰ ਦੇ ਅਧਾਰ ‘ਤੇ ਦਿੱਤੇ ਜਾਂਦੇ ਹਨ। ਗਗਨਦੀਪ ਕੌਰ ਦੇ ਇਸ ਸਵਾਲ ਤੋਂ ਬਾਅਦ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਹੁਣ ਪ੍ਰੀਖਿਆ ਵਿੱਚ ਇੱਕੋ ਜਿਹੇ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਵਿੱਚੋਂ ਟਾਪਰ ਚੁਣਨ ਲਈ ਉਮਰ ਨੂੰ ਅਧਾਰ ਬਣਾਉਣਾ (tie-breaker ਨਿਯਮ) ਬੰਦ ਕਰੇਗਾ।

17 ਸਾਲ ਦੀ ਗਗਨਦੀਪ ਕੌਰ ਪੜ੍ਹਾਈ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਕਵਿਤਾ ਅਤੇ ਲੇਖ ਪੜ੍ਹਨ ਵਿੱਚ ਵੀ ਰੁੱਚੀ ਰੱਖਦੀ ਹੈ। ਆਪਣੇ ਵਿਹਲੇ ਸਮੇਂ ਵਿੱਚ, ਜਦੋਂ ਉਹ ਪੜ੍ਹ ਨਹੀਂ ਰਹੀ ਹੁੰਦੀ ਤਾਂ ਉਹ ਆਪਣੇ ਪਿੰਡ ਵਿੱਚ ਸੈਰ ਕਰਨ ਜਾਂਦੀ ਹੈ ਅਤੇ ਘਰ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਹੈ। ਐਂਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂ ਤਨੇਲ ਦੀ ਵਿਦਿਆਰਥਣ ਗਗਨਦੀਪ ਕੌਰ ਦੇ ਇੱਕੋ ਸਵਾਲ ਨੇ ਬੋਰਡ ਦੇ ਉਸ ਨਿਯਮ ਨੂੰ ਸਭ ਦੇ ਸਾਹਮਣੇ ਲਿਆਂਦਾ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਬਿਨਾਂ ਗੌਰ ਕੀਤੇ ਸਵੀਕਾਰ ਕਰ ਲਿਆ ਸੀ। ਉਸ ਨੇ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਪੁੱਛਿਆ ਕਿ ਜੇਕਰ ਵਿਦਿਆਰਥੀਆਂ ਦੇ ਨੰਬਰ ਬਰਾਬਰ ਹੋਣ, ਤਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਉਮਰ ਦੇ ਅਧਾਰ ‘ਤੇ “ਟਾਪਰ” ਕਿਉਂ ਐਲਾਨਦਾ ਹੈ?

ਜਦੋਂ ਦੂਜਿਆਂ ਬੱਚਿਆ ਨੇ ਇਸ ਮੁੱਦੇ ਉੱਤੇ ਚੁੱਪ ਰਹਿਣ ਦਾ ਫੈਸਲਾ ਕੀਤਾ, ਤਾਂ ਗਗਨਦੀਪ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਗਗਨਦੀਪ ਨੇ ਕਿਹਾ, “ਇਹ ਸਹੀ ਇਨਸਾਫ਼ ਦੀ ਗੱਲ ਸੀ, ਕਿਉਂਕਿ ਇਹ ਇੱਕ ਅਜਿਹਾ ਪੱਖਪਾਤ ਸੀ ਜੋ ਵਿਦਿਆਰਥੀਆਂ ਵਿੱਚ ਫ਼ਰਕ ਕਰਦਾ ਸੀ।”

ਉਸ ਨੇ ‘ਅੰਮ੍ਰਿਤਸਰ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਦੱਸਿਆ, “ਪ੍ਰੋਗਰਾਮ ਵਿੱਚ ਆਏ ਬਹੁਤ ਸਾਰੇ ਵਿਦਿਆਰਥੀਆਂ ਨੇ ਬਾਅਦ ਵਿੱਚ ਮੈਨੂੰ ਕਿਹਾ ਕਿ ਉਹ ਵੀ ਇਸ ਗੱਲ ਤੋਂ ਪਰੇਸ਼ਾਨ ਸਨ, ਪਰ ਉਨ੍ਹਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ।”

ਗਗਨਦੀਪ ਨੇ PSEB ਦੀ 10ਵੀਂ ਜਮਾਤ ਵਿੱਚ 98% ਅੰਕ ਪ੍ਰਾਪਤ ਕੀਤੇ, ਜੋ ਉਸ ਦੇ ਸਕੂਲ ਦੇ ਦੋ ਹੋਰ ਵਿਦਿਆਰਥੀਆਂ ਦੇ ਬਰਾਬਰ ਸਨ। ਇਹ ਸਵਾਲ ਉਸ ਦੀ ਇਸ ਭਾਵਨਾ ਤੋਂ ਪੈਦਾ ਹੋਇਆ ਸੀ ਕਿ ਉਸ ਨਾਲ ਬੇਇਨਸਾਫ਼ੀ ਹੋਈ ਹੈ।

ਉਸ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਸਾਰੇ ਸੁਧਾਰ ਜਾਂ ਤਬਦੀਲੀਆਂ ਉਦੋਂ ਹੁੰਦੀਆਂ ਹਨ ਜਦੋਂ ਲੋਕ ਸਵਾਲ ਪੁੱਛਦੇ ਹਨ। ਸਾਨੂੰ ਲਿੰਗ, ਜਾਤ, ਭਾਈਚਾਰੇ, ਅੰਕਾਂ ਦੇ ਅਧਾਰ ‘ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਗਲਤ ਹੈ।”

ਉਹ ਪੰਜਾਬੀ ਕਵਿਤਾ ਪੜ੍ਹਨਾ ਪਸੰਦ ਕਰਦੀ ਹੈ, ਜਿਸ ਦੀ ਪ੍ਰੇਰਨਾ ਉਸ ਨੂੰ ਆਪਣੀ ਪੰਜਾਬੀ ਅਧਿਆਪਕਾ ਜਤਿੰਦਰਪਾਲ ਕੌਰ ਤੋਂ ਮਿਲੀ, ਜੋ ਉਸ ਦੀ ਹਮੇਸ਼ਾ ਹੌਂਸਲਾ ਅਫ਼ਜ਼ਾਈ ਕਰਦੀ ਹੈ। ਗਗਨਦੀਪ ਨੇ ਕਿਹਾ, “ ਇਹ ਉਹੀ ਅਧਿਆਪਕ ਹੈ ਜਿਸ ਨੇ ਮੈਨੂੰ ਹਮੇਸ਼ਾ ਬੋਲਣ ਲਈ ਉਤਸ਼ਾਹਿਤ ਕੀਤਾ ਹੈ। ਉਹ ਲਿਖਦੀ ਹੈ ਅਤੇ ਮੈਨੂੰ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ।”

ਉਸ ਦੇ ਪਿਤਾ ਨਿਸ਼ਾਨ ਸਿੰਘ ਇਸ ਸਮੇਂ ਯੂ ਏ ਈ (UAE) ਵਿੱਚ ਹਨ ਅਤੇ ਡਰਾਈਵਰ ਵਜੋਂ ਕੰਮ ਕਰਦੇ ਹਨ, ਜਦੋਂ ਕਿ ਉਸ ਦੀ ਮਾਂ ਸੁਖਰਾਜ ਕੌਰ ਇੱਕ ਘਰੇਲੂ ਮਹਿਲਾ ਹੈ। ਗਗਨਦੀਪ ਕਾਨੂੰਨ ਦੀ ਪੜ੍ਹਾਈ ਕਰਨਾ ਅਤੇ ਜੱਜ ਬਣਨਾ ਚਾਹੁੰਦੀ ਹੈ।

ਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਨੂੰ ਉਨ੍ਹਾਂ ਲੋਕਾਂ ਲਈ ਬੋਲਣ ਦੀ ਲੋੜ ਹੈ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਹੈ।” ਭਾਵੇਂ ਉਸਦਾ ਪਿੰਡ ਬਹੁਤਾ ਵਿਕਸਤ ਨਹੀਂ ਹੈ, ਪਰ ਫਿਰ ਵੀ ਉਹ ਹਮੇਸ਼ਾ ਇਸ ਗੱਲ ਦਾ ਪੂਰਾ ਧਿਆਨ ਰੱਖਦੀ ਹੈ ਕਿ ਸਮਾਜ ਵਿੱਚ ਕੀ ਸਹੀ ਹੋ ਰਿਹਾ ਹੈ ਅਤੇ ਕੀ ਗਲਤ।

ਗਗਨਦੀਪ ਨੇ ਕਿਹਾ, “ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰ ਸਾਡੇ ਕੋਲ ਇੱਕ ਚੰਗਾ ਭਾਈਚਾਰਾ ਹੈ ਜੋ ਉਨ੍ਹਾਂ ਨੂੰ ਹੱਲ ਕਰਨ ਲਈ ਇਕੱਠਾ ਹੁੰਦਾ ਹੈ। ਇੱਥੇ ਨਸ਼ਿਆਂ ਦੀ ਸਮੱਸਿਆ ਹੈ ਪਰ ਪਰਿਵਾਰ ਇਸ ਦੇ ਖਿਲਾਫ ਖੜ੍ਹੇ ਹੁੰਦੇ ਹਨ। ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਵੀ ਸ਼ੁਰੂ ਕਰ ਦਿੱਤਾ ਹੈ, ਸਰਕਾਰੀ ਸਕੂਲ ਜੋ ਪਹਿਲਾਂ 10ਵੀਂ ਜਮਾਤ ਤੱਕ ਸੀ, ਨੂੰ ਹਾਲ ਹੀ ਵਿੱਚ ਅਪਗ੍ਰੇਡ ਕੀਤਾ ਗਿਆ ਹੈ ਅਤੇ ਉਹ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਹੈ।”

ਗਗਨਦੀਪ ਅਜਿਹੇ ਸਮਾਜ ਲਈ ਇੱਕ ਮਿਸਾਲ ਹੈ, ਜੋ ਅਜੇ ਤੱਕ ਲੋਕਤੰਤਰ ਦੇ ਅਸਲੀ ਮਤਲਬ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਜਦੋਂ ਜਨਤਾ ਸਵਾਲ ਪੁੱਛਦੀ ਹੈ, ਤਾਂ ਸਰਕਾਰ ਨੂੰ ਸੁਣਨਾ ਹੀ ਪੈਂਦਾ ਹੈ ਅਤੇ ਇਸ ਨਾਲ ਸਰਕਾਰੀ ਨਿਯਮਾਂ ਵਿੱਚ ਬਦਲਾਅ ਆਉਂਦਾ ਹੈ। ਜੋ ਕੁਝ ਗਗਨਦੀਪ ਨੇ ਕੀਤਾ, ਉਹ ਅਸਲ ਵਿੱਚ ਲੋਕਤੰਤਰ ਵਿੱਚ ਹਰ ਨਾਗਰਿਕ ਦਾ ਹਿੱਸਾ ਲੈਣ ਦਾ ਹੱਕ ਹੈ।

Share: