ਸਿਡਨੀ : ਆਸਟਰੇਲੀਆ ਦੇ ਇੱਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕਿਸਾਨ ਡਾਰਸੀ ਜਰਵਾਸੋਨੀ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਉਸ ਦੇ ਘਰ ਦੇ ਬੈਠਕ ਕਮਰੇ ਵਿੱਚ ਆ ਬੈਠਣ, ਤਾਂ ਉਹ ਉਨ੍ਹਾਂ ਤੋਂ ਪੁੱਛੇਗਾ ਕਿ ਆਖ਼ਰ ਪੇਂਡੂ ਆਸਟਰੇਲੀਆ ਦੀ ਆਵਾਜ਼ ਕੈਨਬਰਾ (ਰਾਜਧਾਨੀ) ਤੱਕ ਕਿਉਂ ਨਹੀਂ ਪਹੁੰਚ ਰਹੀ। ਬੁਸ਼ ਸਮਿੱਟ’ ਨਾਲ ਜੁੜੀ ਇਸ ਚਰਚਾ ਦੌਰਾਨ ਕਿਸਾਨਾਂ ਨੇ ਮਹਿੰਗਾਈ, ਵਧਦੀਆਂ ਖੇਤੀ ਲਾਗਤਾਂ, ਮਜ਼ਦੂਰਾਂ ਦੀ ਕਮੀ, ਪਾਣੀ ਦੀਆਂ ਸਮੱਸਿਆਵਾਂ ਅਤੇ ਸੋਕੇ ਕਾਰਨ ਦਰਪੇਸ਼ ਮੁਸ਼ਕਲਾਂ ਉੱਤੇ ਡੂੰਘੀ ਚਿੰਤਾ ਜਤਾਈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਹਰ ਸਾਲ ਅਰਬਾਂ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਕਰਦਾ ਹੈ ਅਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ, ਫਿਰ ਵੀ ਪੇਂਡੂ ਭਾਈਚਾਰਿਆਂ ਨੂੰ ਅਕਸਰ ਨੀਤੀਗਤ ਫ਼ੈਸਲਿਆਂ ਵਿੱਚ ਪਿੱਛੇ ਛੱਡ ਦਿੱਤਾ ਜਾਂਦਾ ਹੈ।ਪ੍ਰਧਾਨ ਮੰਤਰੀ ਅਲਬਨੀਜ਼ ਨੇ ਦਿੱਤਾ ਜਵਾਬਦੂਜੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੋਵਾਂ ਦੀ ਬਰਾਬਰ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੋਕੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਕਰੀਬ 1 ਅਰਬ ਡਾਲਰ ਦੀ ਸਹਾਇਤਾ ਅਤੇ ਰਿਆਇਤੀ ਕਰਜ਼ਾ ਯੋਜਨਾਵਾਂ ਦਾ ਐਲਾਨ ਕੀਤਾ ਹੈ। ਬੁਸ਼ ਸਮਿੱਟ ਦੀ ਇਹ ਬਹਿਸ ਹੁਣ ਸਿਰਫ਼ ਇੱਕ ਕਿਸਾਨ ਦੇ ਸਵਾਲ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਉਸ ਵੱਡੇ ਸਵਾਲ ਦਾ ਰੂਪ ਧਾਰ ਚੁੱਕੀ ਹੈ ਕਿ ਕੀ ਆਸਟਰੇਲੀਆ ਦੇ ਪੇਂਡੂ ਲੋਕਾਂ ਦੀਆਂ ਚਿੰਤਾਵਾਂ ਨੂੰ ਸੱਚਮੁੱਚ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ ਜਾਂ ਨਹੀਂ। ਆਉਣ ਵਾਲੇ ਮਹੀਨਿਆਂ ਵਿੱਚ ਇਹ ਮੁੱਦਾ ਦੇਸ਼ ਦੀ ਰਾਜਨੀਤੀ ਵਿੱਚ ਹੋਰ ਗਰਮ ਹੋਣ ਦੀ ਪੂਰੀ ਸੰਭਾਵਨਾ ਹੈ।
Posted inAustralia
‘ਜੇ ਪ੍ਰਧਾਨ ਮੰਤਰੀ ਅਲਬਨੀਜ਼ ਮੇਰੇ ਘਰ ਆਉਣ, ਤਾਂ ਮੈਂ ਇਹ ਸਵਾਲ ਪੁੱਛਾਂ…’

