ਫਗਵਾੜਾ (ਮਨੀਸ਼ ਰਿਹਾਨ ) : ਫਗਵਾੜਾ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ। ਭੁੱਲਾਰਾਈ ਚੌਂਕ ਨੇੜੇ ਹੋਏ ਇਸ ਭਿਆਨਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਅਤੇ ਉਸ ਦੀ 6 ਸਾਲਾ ਬੇਟੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭੁੱਲਾਰਾਈ ਚੌਂਕ ਨੇੜੇ ਦੋ ਕਾਰਾਂ ਅਤੇ ਇੱਕ ਟਰੱਕ ਵਿਚਕਾਰ ਟੱਕਰ ਹੋਣ ਤੋਂ ਬਾਅਦ ਇਹ ਵਾਹਨ ਬੇਕਾਬੂ ਹੋ ਗਏ। ਇਸ ਦੌਰਾਨ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ‘ਤੇ ਜਾ ਰਿਹਾ ਸੁਖਬੀਰ ਸਿੰਘ ਵੀ ਹਾਦਸੇ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦਾ ਮੋਟਰਸਾਈਕਲ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਪਰਿਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਰਾਹਗੀਰਾਂ ਵੱਲੋਂ ਤੁਰੰਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਖਬੀਰ ਸਿੰਘ ਅਤੇ ਉਸ ਦੀ 6 ਸਾਲਾ ਬੇਟੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐੱਸ ਪੀ (DSP) ਫਗਵਾੜਾ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
Posted inKapurthala
ਫਗਵਾੜਾ ਵਿੱਚ ਭਿਆਨਕ ਸੜਕ ਹਾਦਸਾ; ਮੋਟਰਸਾਈਕਲ ਸਵਾਰ ਵਿਅਕਤੀ ਅਤੇ 6 ਸਾਲਾ ਧੀ ਦੀ ਦਰਦਨਾਕ ਮੌਤ

