10 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਦੀ ਤਪਸ਼; ਜਾਣੋਂ ਕਦੋਂ ਪੈ ਸਕਦਾ ਹੈ ਮੀਂਹ

10 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਦੀ ਤਪਸ਼; ਜਾਣੋਂ ਕਦੋਂ ਪੈ ਸਕਦਾ ਹੈ ਮੀਂਹ

ਚੰਡੀਗੜ੍ਹ : ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਲੂ (ਹੀਟਵੇਵ) ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਅਨੁਮਾਨ ਹੈ ਕਿ 10 ਜੂਨ ਤੱਕ ਇਹ ਗਰਮੀ ਹੋਰ ਜ਼ਿਆਦਾ ਵਧ ਜਾਵੇਗੀ ਅਤੇ ਲੂ ਦੀ ਤਪਸ਼ ਹੌਲੀ-ਹੌਲੀ ਪੂਰੇ ਖੇਤਰ ਵਿੱਚ ਫੈਲ ਜਾਵੇਗੀ।

ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 9 ਜੂਨ ਨੂੰ ਲੂ ਦਾ ਕਹਿਰ ਹੋਰ ਵਧੇਗਾ। ਹਰਿਆਣਾ ਦੇ ਸਿਰਸਾ, ਹਿਸਾਰ, ਫਤਿਹਾਬਾਦ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰੇਵਾੜੀ, ਰੋਹਤਕ, ਜੀਂਦ, ਝੱਜਰ, ਗੁਰੂਗ੍ਰਾਮ, ਨੂਹ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਲੂ ਚੱਲਣ ਦੇ ਆਸਾਰ ਹਨ। ਦੂਜੇ ਪਾਸੇ, ਪੰਜਾਬ ਵਿੱਚ ਵੀ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ ਅਤੇ ਮੁਕਤਸਰ, ਮਾਨਸਾ, ਬਠਿੰਡਾ, ਫਾਜ਼ਿਲਕਾ, ਮੋਗਾ, ਸੰਗਰੂਰ, ਫਿਰੋਜ਼ਪੁਰ, ਬਰਨਾਲਾ ਅਤੇ ਫਰੀਦਕੋਟ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ। 10 ਜੂਨ ਤੱਕ, ਲੂ ਪੂਰੇ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਚੰਡੀਗੜ੍ਹ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਵੇਗੀ।

ਹਾਲਾਂਕਿ, ਪੱਛਮੀ ਗੜਬੜੀ (Western Disturbance) ਦੇ ਅਸਰ ਕਾਰਨ 11 ਜੂਨ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਕੁਰੂਕਸ਼ੇਤਰ ਅਤੇ ਯਮੁਨਾਨਗਰ ਜ਼ਿਲ੍ਹਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਕਰਨਾਲ ਅਤੇ ਕੈਥਲ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਝੱਖੜ ਚੱਲਣ ਅਤੇ ਬੱਦਲ ਗਰਜਣ ਦੀ ਸੰਭਾਵਨਾ ਜਤਾਈ ਗਈ ਹੈ।

ਪੰਜਾਬ ਦੀ ਗੱਲ ਕਰੀਏ ਤਾਂ 11 ਜੂਨ ਨੂੰ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਹਾਲੀ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਨੇ ਅਨੁਮਾਨ ਜਤਾਇਆ ਹੈ ਕਿ 12 ਜੂਨ ਨੂੰ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਡੇ ਪੱਧਰ ‘ਤੇ ਮੌਸਮ ਬਦਲੇਗਾ ਅਤੇ ਗਰਜ-ਚਮਕ ਨਾਲ ਮੀਂਹ ਪਵੇਗਾ।

Share: