ਚੰਡੀਗੜ੍ਹ : ਭਾਰਤੀ ਫੌਜ ਦੇ ਇਤਿਹਾਸ ਵਿੱਚ ਅੱਜ ਇੱਕ ਸੁਨਹਿਰੀ ਅਧਿਆਏ ਉਸ ਵੇਲੇ ਜੁੜ ਗਿਆ ਜਦੋਂ ਦੇਹਰਾਦੂਨ ਸਥਿਤ ਵੱਕਾਰੀ ‘ਇੰਡੀਅਨ ਮਿਲਟਰੀ ਅਕੈਡਮੀ’ (IMA) ਦੇ 93 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਥਾਈ ਕਮਿਸ਼ਨ (Permanent Commission) ਲਈ ਮਹਿਲਾ ਕੈਡਿਟਾਂ ਦਾ ਪਹਿਲਾ ਬੈਚ ਪਾਸ ਆਊਟ ਹੋਇਆ। ਇਸ ਇਤਿਹਾਸਕ ‘ਸਪਰਿੰਗ ਟਰਮ-2026’ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਨੂੰ ਭਾਰਤੀ ਫੌਜ ਲਈ ਇੱਕ ਇਤਿਹਾਸਕ ਪਲ ਦੱਸਿਆ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਧੀਆਂ ਇਸ ਅਕੈਡਮੀ ਦਾ ਹਿੱਸਾ ਬਣਨਗੀਆਂ। ਰਾਸ਼ਟਰਪਤੀ ਮੁਰਮੂ ਨੇ ਪਰੇਡ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਅੱਜ ਇਨ੍ਹਾਂ ਨੌਂ ਮਹਿਲਾ Candidates ਨੂੰ ਦੇਖ ਕੇ ਬੇਹੱਦ ਖੁਸ਼ੀ ਹੋ ਰਹੀ ਹੈ। ਇਹ ਆਈ.ਐਮ.ਏ. ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਹੋਣ ਦੇ ਨਾਲ-ਨਾਲ ਭਾਰਤ ਦੇ ‘ਮਹਿਲਾ-ਅਗਵਾਈ ਵਾਲੇ ਵਿਕਾਸ’ (Women-led development) ਵੱਲ ਵਧਦੇ ਕਦਮਾਂ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ।” ਜ਼ਿਕਰਯੋਗ ਹੈ ਕਿ ਅਕੈਡਮੀ ਦੇ ਪਵਿੱਤਰ ਪਰੇਡ ਗਰਾਊਂਡ ’ਤੇ ਇਸ ਮੋਹਰੀ ਬੈਚ ਦੀਆਂ 9 ਮਹਿਲਾ ਕੈਡਿਟਾਂ ਨੇ ਜਿਵੇਂ ਹੀ ਦੇਸ਼ ਦੀ ਰੱਖਿਆ ਦੀ ਸਹੁੰ ਚੁੱਕਦਿਆਂ ਆਪਣਾ ‘ਅੰਤਿਮ ਪੱਗ’ (ਆਖਰੀ ਕਦਮ) ਪੁੱਟਿਆ, ਤਾਂ ਪੂਰਾ ਮੈਦਾਨ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਹੁਣ ਇਹ ਮਹਿਲਾ ਅਫ਼ਸਰ ਆਪਣੇ ਪੁਰਸ਼ ਸਾਥੀਆਂ ਦੇ ਬਰਾਬਰ ਲੈਫਟੀਨੈਂਟ ਵਜੋਂ ਫੌਜ ਵਿੱਚ ਸੇਵਾਵਾਂ ਦੇਣਗੀਆਂ। ਇਹ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (NDA) ਖੜਕਵਾਸਲਾ ਵਿਖੇ ਤਿੰਨ ਸਾਲ ਅਤੇ ਆਈ.ਐਮ.ਏ. ਵਿਖੇ ਇੱਕ ਸਾਲ ਦੀ ਬੇਹੱਦ ਸਖ਼ਤ ਸਿਖਲਾਈ ਪੂਰੀ ਕਰਕੇ ਇੱਥੇ ਪਹੁੰਚੀਆਂ ਹਨ।
515 ਕੈਡਿਟ ਬਣੇ ਫੌਜ ਦਾ ਹਿੱਸਾ, ਵਿਦੇਸ਼ੀ ਕੈਡਿਟ ਵੀ ਸ਼ਾਮਲ
ਅੱਜ ਆਈ.ਐਮ.ਏ. ਤੋਂ 158ਵੇਂ ਰੈਗੂਲਰ ਕੋਰਸ ਅਤੇ 141ਵੇਂ ਟੈਕਨੀਕਲ ਗ੍ਰੈਜੂਏਟ ਕੋਰਸ ਦੇ ਕੁੱਲ 515 ਕੈਡਿਟ ਭਾਰਤੀ ਫੌਜ ਵਿੱਚ ਅਫ਼ਸਰ ਵਜੋਂ ਸ਼ਾਮਲ ਹੋਏ, ਜਿਨ੍ਹਾਂ ਵਿੱਚ 9 ਮਹਿਲਾ ਅਫ਼ਸਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਦੇ ਮਿੱਤਰ ਦੇਸ਼ਾਂ ਦੇ 29 ਵਿਦੇਸ਼ੀ ਕੈਡਿਟ ਵੀ ਅੱਜ ਇੱਥੋਂ ਪਾਸ ਆਊਟ ਹੋਏ। ਉਨ੍ਹਾਂ ਨੂੰ ਵਧਾਈ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਤੁਹਾਡੇ ਦੇਸ਼ਾਂ ਨੇ ਸਾਨੂੰ ਤੁਹਾਨੂੰ ਫੌਜੀ ਪੇਸ਼ੇਵਰਤਾ ਦੇ ਉੱਚੇ ਮਿਆਰਾਂ ਦੀ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਸੀ, ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇੱਥੋਂ ਸਿੱਖੇ ਸੰਸਕਾਰਾਂ ਨਾਲ ਆਪਣੇ ਦੇਸ਼ਾਂ ਦਾ ਨਾਮ ਰੌਸ਼ਨ ਕਰੋਗੇ।
ਕਿਵੇਂ ਮਿਲਿਆ ਮਹਿਲਾਵਾਂ ਨੂੰ ਮੌਕਾ
ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹਾਲਾਂਕਿ ਹੁਣ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਮਹਿਲਾ ਅਫ਼ਸਰਾਂ ਲਈ ਸਥਾਈ ਕਮਿਸ਼ਨ ਦਾ ਰਸਤਾ ਸਾਫ਼ ਹੋ ਗਿਆ ਹੈ, ਪਰ ਉਹ ਅਜੇ ਵੀ ਆਈ.ਐਮ.ਏ. ਵਿੱਚ ਸਿੱਧਾ ਦਾਖਲਾ ਨਹੀਂ ਲੈ ਸਕਦੀਆਂ। ਉਨ੍ਹਾਂ ਨੂੰ ਐਨ.ਡੀ.ਏ. (NDA) ਜਾਂ ਅਫ਼ਸਰਜ਼ ਟ੍ਰੇਨਿੰਗ ਅਕੈਡਮੀ (OTA) ਚੇਨਈ ਰਾਹੀਂ ਹੀ ਫੌਜ ਵਿੱਚ ਅਫ਼ਸਰ ਬਣਨ ਦਾ ਮੌਕਾ ਮਿਲਦਾ ਹੈ। ਇਸ ਤੋਂ ਪਹਿਲਾਂ ਜੂਨ 2025 ਵਿੱਚ ਐਨ.ਡੀ.ਏ. ਤੋਂ 17 ਮਹਿਲਾ ਕੈਡਿਟਾਂ ਦਾ ਪਹਿਲਾ ਬੈਚ ਪਾਸ ਆਊਟ ਹੋਇਆ ਸੀ, ਜਿਨ੍ਹਾਂ ਵਿੱਚੋਂ 10 ਨੇ ਆਰਮੀ ਨੂੰ ਚੁਣਿਆ ਸੀ। ਰਾਸ਼ਟਰਪਤੀ ਨੇ ਨਵੇਂ ਬਣੇ ਅਫ਼ਸਰਾਂ ਨੂੰ ਤੇਜ਼ੀ ਨਾਲ ਬਦਲ ਰਹੀਆਂ ਸੁਰੱਖਿਆ ਚੁਣੌਤੀਆਂ ਅਤੇ ਤਕਨੀਕੀ ਯੁੱਗ ਦੇ ਹਿਸਾਬ ਨਾਲ ਹਮੇਸ਼ਾ ਭਵਿੱਖ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਇੱਕ ਫੌਜੀ ਅਫ਼ਸਰ ਵਜੋਂ ਤੁਹਾਡੇ ‘ਤੇ ਜਵਾਨਾਂ ਦੀ ਅਗਵਾਈ ਅਤੇ ਉਨ੍ਹਾਂ ਦੀ ਦੇਖਭਾਲ ਦੀ ਵੱਡੀ ਜ਼ਿੰਮੇਵਾਰੀ ਹੈ। ਤੁਹਾਨੂੰ ਖੁਦ ਇੱਕ ਮਿਸਾਲ ਬਣ ਕੇ ਨੈਤਿਕ ਲੀਡਰਸ਼ਿਪ ਦਿਖਾਉਣੀ ਹੋਵੇਗੀ। ਫੌਜੀ ਮੁਹਿੰਮਾਂ ਦੀ ਸਫ਼ਲਤਾ ਅਤੇ ਆਪਣੇ ਜਵਾਨਾਂ ਦੀ ਭਲਾਈ ਵਿਚਕਾਰ ਸੰਤੁਲਨ ਬਣਾ ਕੇ ਤੁਸੀਂ ਆਪਣੀ ਯੂਨਿਟ ਦਾ ਭਰੋਸਾ ਜਿੱਤ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਅੱਗੇ ਹੋ ਕੇ ਅਗਵਾਈ ਕਰੋਗੇ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਰਕਰਾਰ ਰੱਖੋਗੇ।”

