FIFA World Cup ’ਚ ਵੱਡਾ ਉਲਟਫੇਰ: ਕੇਪ ਵਰਡੇ ਤੇ ਸਪੇਨ ਦਾ ਮੈਚ ਡਰਾਅ

FIFA World Cup ’ਚ ਵੱਡਾ ਉਲਟਫੇਰ: ਕੇਪ ਵਰਡੇ ਤੇ ਸਪੇਨ ਦਾ ਮੈਚ ਡਰਾਅ

ਅਟਲਾਂਟਾ : ਫੀਫਾ ਵਿਸ਼ਵ ਕੱਪ ਦੇ ਗਰੁੱਪ-ਐੱਚ ਦੇ ਇੱਕ ਮੁਕਾਬਲੇ ਵਿੱਚ ਕੇਪ ਵਰਡੇ ਦੀ ਟੀਮ ਨੇ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ। ਅਟਲਾਂਟਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਕੇਪ ਵਰਡੇ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਮਜ਼ਬੂਤ ਟੀਮ ਸਪੇਨ ਨੂੰ 0-0 ਦੀ ਬਰਾਬਰੀ ‘ਤੇ ਰੋਕ ਕੇ ਇਤਿਹਾਸ ਰਚ ਦਿੱਤਾ। ਫੀਫਾ ਰੈਂਕਿੰਗ ਵਿੱਚ 67ਵੇਂ ਸਥਾਨ ‘ਤੇ ਕੇਪ ਵਰਡੇ ਇਸ ਟੂਰਨਾਮੈਂਟ ਦੀਆਂ ਸਭ ਤੋਂ ਕਮਜ਼ੋਰ ਟੀਮਾਂ ਵਿੱਚੋਂ ਇੱਕ ਹੈ ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਰੱਖਿਆਤਮਕ ਖੇਡ ਨਾਲ ਸਪੇਨ ਦੇ ਜਿੱਤ ਦੇ ਰੱਥ ਨੂੰ ਰੋਕ ਦਿੱਤਾ, ਜੋ ਪਿਛਲੇ 31 ਮੈਚਾਂ ਤੋਂ ਅਜੇਤੂ ਚੱਲੀ ਆ ਰਹੀ ਸੀ।

40 ਸਾਲਾ ਗੋਲਕੀਪਰ ਵੋਜ਼ਿਨਹਾ ਬਣੇ ਕੇਪ ਵਰਡੇ ਦੇ ਸਟਾਰ

ਸਪੇਨ ਦੀ ਟੀਮ ਨੇ ਪੂਰੇ ਮੈਚ ਦੌਰਾਨ 74 ਫੀਸਦੀ ਸਮਾਂ ਗੇਂਦ ‘ਤੇ ਆਪਣਾ ਕੰਟਰੋਲ ਰੱਖਿਆ ਅਤੇ ਕੇਪ ਵਰਡੇ ਦੇ ਗੋਲ ‘ਤੇ 27 ਵਾਰ ਹਮਲੇ ਕੀਤੇ, ਜਦੋਂ ਕਿ ਕੇਪ ਵਰਡੇ ਦੀ ਟੀਮ ਸਿਰਫ਼ 6 ਸ਼ਾਟ ਹੀ ਲਗਾ ਸਕੀ। ਇਸ ਦੇ ਬਾਵਜੂਦ ਸਪੇਨ ਦੀ ਟੀਮ ਗੋਲ ਕਰਨ ਵਿੱਚ ਨਾਕਾਮ ਰਹੀ, ਜਿਸਦਾ ਵੱਡਾ ਸਿਹਰਾ ਕੇਪ ਵਰਡੇ ਦੇ 40 ਸਾਲਾ ਤਜਰਬੇਕਾਰ ਗੋਲਕੀਪਰ ਵੋਜ਼ਿਨਹਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ 7 ਸ਼ਾਨਦਾਰ ਬਚਾਅ ਕੀਤੇ। ਮੈਚ ਦੇ 39ਵੇਂ ਮਿੰਟ ਵਿੱਚ ਸਪੇਨ ਦੇ ਫੇਰਾਨ ਤੋਰੇਸ ਦਾ ਸ਼ਾਟ ਗੋਲ ਪੋਸਟ ਦੇ ਉੱਪਰਲੇ ਡੰਡੇ ਨਾਲ ਟਕਰਾ ਗਿਆ ਅਤੇ ਉਸ ਤੋਂ ਤੁਰੰਤ ਬਾਅਦ ਓਯਾਰਜ਼ਾਬਲ ਦੇ ਹੈਡਰ ਨੂੰ ਵੀ ਵੋਜ਼ਿਨਹਾ ਨੇ ਬੜੀ ਮੁਸ਼ਕਲ ਨਾਲ ਰੋਕ ਲਿਆ। ਇਸ ਤੋਂ ਬਾਅਦ 56ਵੇਂ ਮਿੰਟ ਵਿੱਚ ਫੈਬੀਅਨ ਰੂਈਜ਼ ਦਾ ਹੈਡਰ ਵੀ ਸਿੱਧਾ ਗੋਲਕੀਪਰ ਦੇ ਹੱਥਾਂ ਵਿੱਚ ਚਲਾ ਗਿਆ।

ਲਾਮਿਨ ਯਾਮਾਲ ਦੀ ਵਾਪਸੀ ਵੀ ਨਾ ਆਈ ਕੰਮ

ਸਪੇਨ ਨੇ ਮੈਚ ਦੇ 71ਵੇਂ ਮਿੰਟ ਵਿੱਚ ਆਪਣੀ ਨੌਜਵਾਨ ਸਟਾਰ ਖਿਡਾਰੀ Lamine Yamal (ਲਾਮਿਨ ਯਾਮਾਲ) ਨੂੰ ਮੈਦਾਨ ‘ਤੇ ਉਤਾਰਿਆ, ਜੋ ਹੈਮਸਟ੍ਰਿੰਗ ਦੀ ਸੱਟ ਕਾਰਨ 22 ਅਪਰੈਲ ਤੋਂ ਬਾਅਦ ਪਹਿਲਾ ਮੈਚ ਖੇਡ ਰਹੇ ਸਨ। ਯਾਮਾਲ ਨੇ ਸੱਜੇ ਪਾਸੇ (ਰਾਈਟ ਵਿੰਗ) ਤੋਂ ਕਈ ਖ਼ਤਰਨਾਕ ਮੌਕੇ ਬਣਾਏ, ਪਰ ਉਹ ਵੀ ਸਪੇਨ ਦਾ ਖਾਤਾ ਨਹੀਂ ਖੋਲ੍ਹ ਸਕੇ। ਮੈਚ ਦੇ 88ਵੇਂ ਮਿੰਟ ਵਿੱਚ ਓਯਾਰਜ਼ਾਬਲ ਦੇ ਇੱਕ ਹੋਰ ਪੱਕੇ ਗੋਲ ਵਾਲੇ ਸ਼ਾਟ ਨੂੰ ਕੇਪ ਵਰਡੇ ਦੇ ਡਿਫੈਂਡਰ ਪੀਕੋ ਲੋਪੇਸ ਨੇ ਸਲਾਈਡ ਮਾਰ ਕੇ ਬਾਹਰ ਕੱਢ ਦਿੱਤਾ। ਮੈਚ ਦੇ ਆਖਰੀ 90ਵੇਂ ਮਿੰਟ ਵਿੱਚ ਕੇਪ ਵਰਡੇ ਨੂੰ ਵੀ ਇੱਕ ਕਾਰਨਰ ਕਿੱਕ ਮਿਲੀ, ਜਿਸ ‘ਤੇ ਡਿਨੇ ਬੋਰਗੇਸ ਨੇ ਜ਼ਬਰਦਸਤ ਹੈਡਰ ਲਗਾਇਆ, ਪਰ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਨੇ ਇਸ ਨੂੰ ਆਸਾਨੀ ਨਾਲ ਫੜ ਲਿਆ। ਇਸ ਡਰਾਅ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ, ਜਿਸ ਨਾਲ ਹੁਣ ਉਰੂਗਵੇ ਜਾਂ ਸਾਊਦੀ ਅਰਬ ਲਈ ਗਰੁੱਪ-ਐੱਚ ਵਿੱਚ ਅੱਗੇ ਨਿਕਲਣ ਦਾ ਰਸਤਾ ਖੁੱਲ੍ਹ ਗਿਆ ਹੈ।

Share: