ਲਖਨਊ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਕਾਰਨ ਘੱਟੋ-ਘੱਟ 89 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਹਤ ਕਮਿਸ਼ਨਰ ਦਫ਼ਤਰ ਅਨੁਸਾਰ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਹੋਈ ਬੇਮੌਸਮੀ ਬਾਰਸ਼, ਗਰਜ਼-ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦਾ ਨੋਟਿਸ ਲਿਆ ਹੈ ਅਤੇ ਅਧਿਕਾਰੀਆਂ ਨੂੰ 24 ਘੰਟਿਆਂ ਦੇ ਅੰਦਰ ਪ੍ਰਭਾਵਿਤ ਪਰਿਵਾਰਾਂ ਤੱਕ ਰਾਹਤ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।
13 ਮਈ ਨੂੰ ਖ਼ਰਾਬ ਮੌਸਮ ਕਾਰਨ ਸੂਬੇ ਵਿੱਚ 89 ਮੌਤਾਂ, 53 ਜ਼ਖ਼ਮੀ, 114 ਪਸ਼ੂਆਂ ਦੇ ਨੁਕਸਾਨ ਅਤੇ 87 ਘਰਾਂ ਦੇ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ ਹਨ। ਮੁੱਖ ਮੰਤਰੀ ਨੇ ਸਾਰੇ ਮੰਡਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਘਟਨਾਵਾਂ ਦੀ ਪੂਰੀ ਸੰਵੇਦਨਸ਼ੀਲਤਾ ਨਾਲ ਪੁਸ਼ਟੀ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ 24 ਘੰਟਿਆਂ ਦੇ ਅੰਦਰ ਵਿੱਤੀ ਸਹਾਇਤਾ ਵੰਡਣ ਦੇ ਨਿਰਦੇਸ਼ ਦਿੱਤੇ ਹਨ। ਯਾਗਰਾਜ ਜ਼ਿਲ੍ਹੇ ਵਿੱਚ 17 ਮੌਤਾਂ ਹੋਈਆਂ ਹਨ, ਜਦਕਿ ਭਦੋਹੀ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋਈ ਹੈ। ਫਤਹਿਪੁਰ ਵਿੱਚ 9 ਲੋਕਾਂ ਦੀ ਮੌਤ ਹੋਈ ਅਤੇ 16 ਜ਼ਖ਼ਮੀ ਹੋਏ, ਜਦਕਿ ਪ੍ਰਤਾਪਗੜ੍ਹ ਵਿੱਚ 4, ਕਾਨਪੁਰ ਦੇਹਤ ਵਿੱਚ 2, ਦੇਵਰੀਆ ਵਿੱਚ 2 ਅਤੇ ਸੋਨਭੱਦਰ ਵਿੱਚ 1 ਵਿਅਕਤੀ ਦੀ ਮੌਤ ਹੋਈ ਹੈ। ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਮਾਲ ਤੇ ਖੇਤੀਬਾੜੀ ਵਿਭਾਗਾਂ ਨੂੰ ਨੁਕਸਾਨ ਦਾ ਸਰਵੇਖਣ ਕਰਕੇ ਸਰਕਾਰ ਨੂੰ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।

