ਪੰਜਾਬ ’ਚ ਬਦਲਿਆ ਮੌਸਮ: ਕਈ ਥਾਵਾਂ ’ਤੇ ਦੇਰ ਰਾਤ ਭਾਰੀ ਮੀਂਹ ਤੇ ਹਨੇਰੀ

ਪੰਜਾਬ ’ਚ ਬਦਲਿਆ ਮੌਸਮ: ਕਈ ਥਾਵਾਂ ’ਤੇ ਦੇਰ ਰਾਤ ਭਾਰੀ ਮੀਂਹ ਤੇ ਹਨੇਰੀ

ਚੰਡੀਗੜ੍ਹ: ਪੰਜਾਬ ਵਿੱਚ ਲੰਘੀ ਰਾਤ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਲਹਿੰਦੇ ਪੰਜਾਬ ਵਾਲੇ ਪਾਸੇ ਤੋਂ ਬਣੇ ਕਾਲੇ ਬੱਦਲਾਂ ਨੇ ਚੜਦੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਬਰਸੇ ਹਨ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੰਘੀ ਰਾਤ 11 ਤੋਂ 12 ਵਜੇ ਦੇ ਵਿਚਕਾਰ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਸੀ ਅਤੇ ਇੱਕ ਦਮ ਤੇਜ਼ ਹਨੇਰੀ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ।

ਮੀਂਹ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਸੀ ਪਰ ਪੰਜਾਬ ਦੀਆਂ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਦੇ ਭਿੱਜਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ। ਉੱਥੇ ਹੀ ਨਰਮਾ ਪੱਟੀ ਤੇ ਇਲਾਕੇ ਵਿੱਚ ਨਰਮਾ ਬੀਜਣ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਜਿਨਾਂ ਨੂੰ ਫਸਲਾਂ ਦੇ ਕਰੰਡ ਹੋਣ ਦਾ ਖਦਸ਼ਾ ਜਤਾ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਬਠਿੰਡਾ ਵਿੱਚ 20.6 ਐਮ ਐਮ, ਫਰੀਦਕੋਟ ਵਿੱਚ 17.2 ਐਮਐਮ, ਫਿਰੋਜ਼ਪੁਰ ਵਿੱਚ 19 ਐਮਐਮ, ਰੂਪਨਗਰ ਵਿੱਚ ਡੇਢ ਐਮਐਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਾਰ, ਤਰਨ ਤਾਰਨ, ਫਰੀਦਕੋਟ, ਲੁਧਿਆਣਾ, ਜਲੰਧਰ ਸਣੇ ਕਈ ਹੋਰ ਇਲਾਕਿਆਂ ਵਿੱਚ ਵੀ ਟੁੱਟਵਾਂ ਮੀਂਹ ਪਿਆ ਹੈ।

Share: