ਸਰਕਾਰੀ ਝਾਕ ਛੱਡ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ’ਚ ਜੁਟੇ ਕਿਸਾਨ

ਸਰਕਾਰੀ ਝਾਕ ਛੱਡ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ’ਚ ਜੁਟੇ ਕਿਸਾਨ

ਪਾਤੜਾਂ: ਹਲਕਾ ਸ਼ੁਤਰਾਣਾ ਦੇ ਕਿਸਾਨਾਂ ਨੇ ਹੜ੍ਹਾਂ ਲਈ ਅਗਾਊਂ ਤਿਆਰੀ ਦੇ ਮੱਦੇਨਜ਼ਰ ਸਰਕਾਰੀ ਵਾਅਦਿਆਂ ’ਤੇ ਭਰੋਸਾ ਛੱਡ ਕੇ ਘੱਗਰ ਦੇ ਕਿਨਾਰੇ ਮਜ਼ਬੂਤ ਕਰਨ ਲਈ ਤਿਆਰੀ ਖਿੱਚ ਲਈ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਤੇ ਹਲਕਾ ਸਮਾਣਾ ਤੋਂ ਐਲਾਨੇ ਉਮੀਦਵਾਰ ਜਗਮੀਤ ਸਿੰਘ ਹਰਿਆਊ ਨੇ ਕਿਹਾ ਹੈ ਕਿ ਘੱਗਰ ਪਾਰ ਦੇ ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਡਰੇਨੇਜ਼ ਵਿਭਾਗ ਵੱਲੋਂ ਬੰਨ੍ਹ ਬੰਨਿਆ ਹੋਇਆ ਹੈ ਪਰ ਸ਼ੁਤਰਾਣਾ ਵਾਲੇ ਪਾਸੇ ਸਰਕਾਰ ਨੇ ਕੋਈ ਬੰਨ੍ਹ ਨਹੀਂ ਬੰਨਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦੋਵਾਂ ਪਾਸਿਆਂ ਦੇ ਕਿਨਾਰੇ ਮਜ਼ਬੂਤ ਕੀਤੇ ਜਾਣਗੇ। ਉਨ੍ਹਾਂ ਬੰਨ੍ਹ ਦੀ ਮਜ਼ਬੂਤੀ ਲਈ ਪੰਦਰਾਂ ਸੌ ਲਿਟਰ ਡੀਜ਼ਲ ਦਿੱਤਾ ਤੇ ਕਿਹਾ ਕਿ ਲੋੜ ਪੈਣ ’ਤੇ ਹੋਰ ਤੇਲ ਦਿੱਤਾ ਜਾਵੇਗਾ। ਕਿਸਾਨ ਆਗੂ ਫਤਿਹ ਸਿੰਘ ਜੋਗੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੇ ਸੰਭਾਵੀ ਖਤਰੇ ਰੋਕਣ ਦੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਕਿਉਕਿ ਪਿਛਲੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਤਰਾਣਾ ਵਾਲੇ ਪਾਸੇ ਘੱਗਰ ਦਰਿਆ ਦੇ ਕਿਨਾਰੇ ਇੱਕ ਵੀ ਥੈਲਾ ਮਿੱਟੀ ਨਹੀਂ ਲਾਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖ਼ਾਨਾਪੂਰਤੀ ਲਈ ਚਾਰ ਦਿਨ ਮਗਨਰੇਗਾ ਮਜ਼ਦੂਰਾਂ ਨੂੰ ਟੁੱਟੇ ਬੰਨ੍ਹ ਬੰਨ੍ਹਣ ਦਾ ਕੰਮ ਦਿੰਦੀ ਹੈ ਜਦਕਿ ਘੱਗਰ ਦਰਿਆ ਦੀ ਸਾਫ਼ ਸਫ਼ਾਈ ਜਾਂ ਮਾੜੇ ਬੰਨ੍ਹ ਮਜ਼ਬੂਤ ਕਰਨ ਲਈ ਕੋਈ ਉਪਰਾਲਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਖਰਚੇ ’ਤੇ ਖਨੌਰੀ ਤੋਂ ਰਸੌਲੀ ਤੱਕ ਬੰਨ੍ਹ ਮਜ਼ਬੂਤ ਕਰਨ ਲਈ ਕੰਮ ਚਾਲੂ ਕਰ ਦਿੱਤਾ ਹੈ।

ਇਸ ਦੌਰਾਨ ਮਤੌਲੀ ਪੁਲ ’ਤੇ ਸੇਵਾ ਕਰਵਾਉਂਦੇ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਜਿੰਨੇ ਦਿਨ ਤੱਕ ਘੱਗਰ ਦਰਿਆ ਦੇ ਕਿਨਾਰੇ ਮਜ਼ਬੂਤ ਕਰਨ ਦਾ ਕੰਮ ਚਲੇਗਾ, ਉਨ੍ਹਾਂ ਦੀ ਜੇ ਸੀ ਬੀ, ਚਾਹ ਅਤੇ ਲੰਗਰ ਦੀ ਸੇਵਾ ਜਾਰੀ ਰਹੇਗੀ। ਇਸ ਮੌਕੇ ਸਤਨਾਮ ਸਿੰਘ ਵੜੈਚ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਨਿਧਾਨ ਸਿੰਘ, ਦਇਆ ਸਿੰਘ ਜੋਗੇਵਾਲ, ਇੰਦਰਜੀਤ ਧਾਲੀਵਾਲ, ਬੇਅੰਤ ਸਿੰਘ ਧਾਲੀਵਾਲ, ਸਾਹਿਬ ਸਿੰਘ, ਹੀਰਾ ਸਿੰਘ, ਸੁਖਪ੍ਰੀਤ ਸਿੰਘ, ਕਿਰਨਦੀਪ ਸਿੰਘ, ਕਾਬਲ ਸਿੰਘ, ਦਰਸ਼ਨ ਸਿੰਘ, ਜੱਸਾ ਸਿੰਘ, ਜੋਗਿੰਦਰ ਸਿੰਘ ਤੇ ਬਲਵਿੰਦਰ ਝੱਬਰ ਆਦਿ ਹਾਜ਼ਰ ਸਨ।

Share: