ਵਿਜੈ ਦਾ ‘ਥਲਪਤੀ’ ਤੋਂ ਮੁੱਖ ਮੰਤਰੀ ਤੱਕ ਦਾ ਸਫਰ

ਵਿਜੈ ਦਾ ‘ਥਲਪਤੀ’ ਤੋਂ ਮੁੱਖ ਮੰਤਰੀ ਤੱਕ ਦਾ ਸਫਰ

ਚੇਨਈ: ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੈ ਦਾ ਚੋਣਾਂ ’ਚ ਜੇਤੂ ਆਗ਼ਾਜ਼ ਫਿਲਮਾਂ ਵਾਂਗ ਰੋਮਾਂਚ ਅਤੇ ਸਸਪੈਂਸ ਨਾਲ ਭਰਿਆ ਰਿਹਾ। ਉਹ ਥਲਪਤੀ (ਕਮਾਂਡਰ) ਤੋਂ ਮੁਥਾਲਵਨ (ਮੁੱਖ ਮੰਤਰੀ) ਦੇ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਤੇਲਗੂ ਦੇਸਮ ਪਾਰਟੀ ਦੇ ਬਾਨੀ ਐੱਨ ਟੀ ਰਾਮਾ ਰਾਓ (ਐੱਨ ਟੀ ਆਰ) ਦੇ ਨਕਸ਼ੇ ਕਦਮ ’ਤੇ ਚਲਦਿਆਂ ਸਿਆਸਤ ’ਚ ਆਪਣਾ ਨਾਮ ਬਣਾਇਆ ਹੈ। ਉਘੇ ਤਮਿਲ ਫਿਲਮਸਾਜ਼ ਐੱਸ ਏ ਚੰਦਰਸ਼ੇਖਰ ਨੇ ਆਪਣੇ ਪੁੱਤਰ ਅਤੇ ਟੀ ਵੀ ਕੇ ਮੁਖੀ ਵਿਜੈ ਦੀ ਜਿੱਤ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਵਚਨਬੱਧ ਹੈ।

ਪਿਛਲੇ ਵਰ੍ਹੇ 27 ਸਤੰਬਰ ਨੂੰ ਕਰੂਰ ’ਚ ਤਮਿਲ ਵੇਤਰੀ ਕੜਗਮ ਦੀ ਰੈਲੀ ’ਚ ਭਗਦੜ ਮੱਚਣ ਕਾਰਨ 41 ਵਿਅਕਤੀਆਂ ਦੀ ਮੌਤ ਹੋਣ ਮਗਰੋਂ ਉਨ੍ਹਾਂ ਦੇ ਸਿਆਸੀ ਮਨਸੂਬਿਆਂ ਨੂੰ ਥੋੜ੍ਹਾ ਝਟਕਾ ਲੱਗਾ ਸੀ ਪਰ ਉਨ੍ਹਾਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਰਣਨੀਤੀ ਬਣਾ ਕੇ ਵੋਟਾਂ ਮੰਗੀਆਂ ਅਤੇ ਕਾਮਯਾਬ ਰਹੇ। ਵਿਜੈ ਨੇ ਹਲਕਿਆਂ ’ਚ ਆਪਣੇ ਉਮੀਦਵਾਰਾਂ ਦੀ ਜਾਣ-ਪਛਾਣ ਨਹੀਂ ਕਰਵਾਈ ਅਤੇ ਨਾ ਹੀ ਉਨ੍ਹਾਂ ਰਵਾਇਤੀ ਢੰਗ ਨਾਲ ਦੌਰੇ ਕਰ ਕੇ ਰੈਲੀਆਂ ਨੂੰ ਸੰਬੋਧਨ ਕੀਤਾ। ਪਰ ਉਹ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ ਅਤੇ ਪ੍ਰਸ਼ੰਸਕਾਂ ਰਾਹੀਂ ਇਕ-ਦੂਜੇ ਨੂੰ ਆਖ ਕੇ ਜਿੱਤ ਲਈ ਰਾਹ ਪੱਧਰਾ ਕੀਤਾ। ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ’ਤੇ ਧਿਆਨ ਕੇਂਦਰਤ ਕੀਤਾ ਅਤੇ ਉਨ੍ਹਾਂ ਨੂੰ ਮਾਪਿਆਂ ਨੂੰ ਮਨਾਉਣ ਲਈ ਕਿਹਾ ਕਿ ਉਹ ਟੀ ਵੀ ਕੇ ਨੂੰ ਵੋਟ ਪਾਉਣ ਜਦਕਿ ਉਹ ਨਾ ਮੀਡੀਆ ਨੂੰ ਮਿਲਦੇ ਸਨ ਅਤੇ ਨਾ ਹੀ ਇੰਟਰਵਿਊ ਦਿੰਦੇ ਸਨ। ਵਿਜੈ ਲਈ ਹੁਣ ਚੋਣ ਵਾਅਦੇ ਪੂਰੇ ਕਰਨਾ ਵੱਡੀ ਚੁਣੌਤੀ ਹੋਵੇਗਾ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਉਹ ਵਿਆਹ ਕਰਾਉਣ ਵਾਲੇ ਹਰੇਕ ਲਾਭਪਾਤਰੀ ਨੂੰ 8 ਗ੍ਰਾਮ ਸੋਨਾ ਦੇਣਗੇ, 60 ਸਾਲ ਤੋਂ ਘਟ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਨਗਦ ਅਤੇ ਸਾਲ ’ਚ ਛੇ ਗੈਸ ਸਿਲੰਡਰ ਮੁਫ਼ਤ ਦੇਣਗੇ।

ਟਾਈਗਰ ਸ਼ਰੌਫ ਸਮੇਤ ਹੋਰ ਅਦਾਕਾਰਾਂ ਨੇ ਵਿਜੈ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਅਦਾਕਾਰ ਟਾਈਗਰ ਸ਼ਰੌਫ, ਨੈਨੀ ਅਤੇ ਸੰਦੀਪ ਕਿਸ਼ਨ ਸਮੇਤ ਹੋਰਾਂ ਨੇ ਵਿਜੈ ਨੂੰ ਤਾਮਿਲ ਨਾਡੂ ’ਚ ਉਨ੍ਹਾਂ ਦੀ ਪਾਰਟੀ ਤਾਮਿਲ ਵੇਤਰੀ ਕੜਗਮ (ਟੀ ਵੀ ਕੇ) ਦੀ ਜਿੱਤ ’ਤੇ ਵਧਾਈ ਦਿੱਤੀ ਹੈ। ਟਾਈਗਰ ਸ਼ਰੌਫ ਨੇ ‘ਐਕਸ’ ’ਤੇ ਵਿਜੈ ਨੂੰ ਵਧਾਈ ਦਿੰਦਿਆਂ ਕਿਹਾ, ‘‘ਲੋਕਾਂ ਦਾ ਤੁਹਾਡੇ ਵਿੱਚ ਜੋ ਵਿਸ਼ਵਾਸ ਹੈ, ਉਹ ਦੇਖਣਾ ਬਹੁਤ ਹੀ ਅਦਭੁਤ ਹੈ। ਅਗਲੇ ਸਫ਼ਰ ਲਈ ਤੁਹਾਨੂੰ ਹੋਰ ਵੀ ਸ਼ਕਤੀ ਮਿਲੇ।’’ ਨੈਨੀ ਨੇ ਆਪਣੇ ਵਧਾਈ ਸੁਨੇਹੇ ’ਚ ਕਿਹਾ, ‘‘ਪਹਿਲਾਂ ਸ਼ੱਕ ਕੀਤਾ ਗਿਆ ਅਤੇ ਫਿਰ ਤਾਜ ਪਹਿਨਾਇਆ ਗਿਆ। ਉਮੀਦ ਹੈ ਕਿ ਤਾਮਿਲ ਨਾਡੂ ਦੇ ਲੋਕਾਂ ਲਈ ਬਹੁਤ ਵਧੀਆ ਹਾਲਾਤ ਹੋਣਗੇ ਜਿਨ੍ਹਾਂ ਨੇ ਆਪਣਾ ਫ਼ੈਸਲਾ ਸਪੱਸ਼ਟ ਕਰ ਦਿੱਤਾ ਹੈ।’’ ਸੰਦੀਪ ਕਿਸ਼ਨ ਨੇ ਲਿਖਿਆ, ‘‘ਜਿੱਤ ਲਈ ਤੁਹਾਨੂੰ ਵਧਾਈ।’’ ਮਲਿਆਲਮ ਅਦਾਕਾਰ ਅਜੂ ਵਰਗੀਜ਼ ਨੇ ਵਿਜੈ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਕਿਸਮਤ ਬਹਾਦਰਾਂ ਦਾ ਸਾਥ ਦਿੰਦੀ ਹੈ। ਸਿਬੀ ਸਤਿਆਰਾਜ ਅਤੇ ਨਿਖਿਲ ਸਿਧਾਰਥ ਨੇ ਵੀ ਵਿਜੈ ਨੂੰ ਵਧਾਈ ਦਿੱਤੀ ਹੈ।

Share: