Twisha Sharma Case: ਸੁਪਰੀਮ ਕੋਰਟ ਟਵਿਸ਼ਾ ਸ਼ਰਮਾ ਮੌਤ ਮਾਮਲੇ ਦੀ ਸੁਣਵਾਈ ਕਰੇਗੀ

Twisha Sharma Case: ਸੁਪਰੀਮ ਕੋਰਟ ਟਵਿਸ਼ਾ ਸ਼ਰਮਾ ਮੌਤ ਮਾਮਲੇ ਦੀ ਸੁਣਵਾਈ ਕਰੇਗੀ

ਨਵੀਂ ਦਿੱਲੀ: ਸੁਪਰੀਮ ਕੋਰਟ ਸੋਮਵਾਰ ਨੂੰ ਟਵਿਸ਼ਾ ਸ਼ਰਮਾ ਦੀ ਅਸੁਭਾਵਿਕ ਮੌਤ ਦੇ ਮਾਮਲੇ ਦੀ ਸੁਣਵਾਈ ਕਰੇਗੀ, ਜਿਸ ਦੀ ਭੋਪਾਲ ਵਿੱਚ ਆਪਣੇ ਸਹੁਰੇ ਘਰ ਵਿਆਹ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਮੌਤ ਹੋ ਗਈ ਸੀ। ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ ਸੀ ਅਤੇ ‘ਇਨ ਰੀ ਅਲੇਜਡ ਇੰਸਟੀਚਿਊਸ਼ਨਲ ਬਾਇਸ ਐਂਡ ਪ੍ਰੋਸੀਜਰਲ ਡਿਸਕ੍ਰੀਪੈਂਸੀਜ਼ ਇਨ ਦਿ ਅਨਨੈਚੁਰਲ ਡੈੱਥ ਆਫ਼ ਯੰਗ ਵੂਮੈਨ ਐਟ ਮੈਟਰੀਮੋਨੀਅਲ ਹੋਮ’ ਸਿਰਲੇਖ ਹੇਠ ਇੱਕ ਸੂਓ ਮੋਟੋ ਕੇਸ ਦਰਜ ਕੀਤਾ ਸੀ। ਇਹ ਮਾਮਲਾ ਅੱਜ ਸਵੇਰੇ ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ ਪੰਚੋਲੀ ਦੇ ਬੈਂਚ ਅੱਗੇ ਸੁਣਵਾਈ ਲਈ ਸੂਚੀਬੱਧ ਹੈ।

ਟਵਿਸ਼ਾ (33) — ਇੱਕ ਸਾਬਕਾ ਮਾਡਲ ਅਤੇ ਅਦਾਕਾਰਾ — 12 ਮਈ ਨੂੰ ਭੋਪਾਲ ਦੇ ਕਟਾਰਾ ਹਿੱਲਜ਼ ਖੇਤਰ ਵਿੱਚ ਆਪਣੇ ਪਤੀ ਐਡਵੋਕੇਟ ਸਮਰਥ ਸਿੰਘ ਨਾਲ ਵਿਆਹ ਦੇ ਪੰਜ ਮਹੀਨੇ ਬਾਅਦ ਹੀ ਆਪਣੇ ਸਹੁਰੇ ਘਰ ਫਾਹਾ ਲੈ ਕੇ ਮ੍ਰਿਤਕ ਪਾਈ ਗਈ ਸੀ। ਪੁਲੀਸ ਨੇ ਉਸ ਦੇ ਪਤੀ ਐਡਵੋਕੇਟ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ ਦੇ ਖਿਲਾਫ ਬੀਐਨਐਸ ਦੀਆਂ ਧਾਰਾਵਾਂ 80(2), 85 ਅਤੇ 3(5) ਅਤੇ ਦਾਜ ਰੋਕੂ ਐਕਟ ਦੀਆਂ ਕੁਝ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਪਹਿਲਾਂ ਹੀ ਇਸ ਮਾਮਲੇ ਨੂੰ ਸੀਬੀਆਈ ਕੋਲ ਤਬਦੀਲ ਕਰ ਦਿੱਤਾ ਹੈ, ਕਿਉਂਕਿ ਉਸਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਸਦਾ ਕਤਲ ਕੀਤਾ ਗਿਆ ਹੈ। ਜਿੱਥੇ ਗਿਰੀਬਾਲਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ, ਉੱਥੇ ਹੀ ਸਮਰਥ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਫਰਾਰ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਉਹ ਪੁਲੀਸ ਹਿਰਾਸਤ ਵਿੱਚ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਉਸਦੀ ਅਗਾਊਂ ਜ਼ਮਾਨਤ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ। ਸਮਰਥ ਨੇ ਐਮਪੀ ਹਾਈ ਕੋਰਟ ਵਿੱਚ ਦਾਇਰ ਆਪਣੀ ਅਗਾਊਂ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਅਤੇ ਸ਼ੁੱਕਰਵਾਰ ਸ਼ਾਮ ਨੂੰ ਆਤਮ ਸਮਰਪਣ ਕਰਨ ਲਈ ਜਬਲਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ। ਭੋਪਾਲ ਪੁਲਿਸ ਦੀ ਇੱਕ ਟੀਮ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

ਬਾਰ ਕੌਂਸਲ ਆਫ਼ ਇੰਡੀਆ – ਜੋ ਦੇਸ਼ ਵਿੱਚ ਕਾਨੂੰਨੀ ਪੇਸ਼ੇ ਨੂੰ ਨਿਯੰਤ੍ਰਿਤ ਕਰਦੀ ਹੈ – ਨੇ ਪਿਛਲੇ ਹਫ਼ਤੇ ਸਮਰਥ ਸਿੰਘ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਸੀ। ਬੀਸੀਆਈ ਨੇ ਕਿਹਾ, “ਸ਼੍ਰੀ ਸਮਰਥ ਸਿੰਘ, ਐਡਵੋਕੇਟ ਨੂੰ ਬਾਰ ਕੌਂਸਲ ਆਫ਼ ਇੰਡੀਆ ਅਤੇ/ਜਾਂ ਉਚਿਤ ਅਨੁਸ਼ਾਸਨੀ ਕਮੇਟੀ ਦੁਆਰਾ ਅਗਲੇਰੀ ਵਿਚਾਰ ਤੱਕ ਤੁਰੰਤ ਪ੍ਰਭਾਵ ਨਾਲ ਇੱਕ ਵਕੀਲ ਵਜੋਂ ਪ੍ਰੈਕਟਿਸ ਕਰਨ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੀ ਮਿਆਦ ਦੇ ਦੌਰਾਨ, ਸ਼੍ਰੀ ਸਮਰਥ ਸਿੰਘ, ਐਡਵੋਕੇਟ, ਭਾਰਤ ਵਿੱਚ ਕਿਸੇ ਵੀ ਅਦਾਲਤ, ਟ੍ਰਿਬਿਊਨਲ, ਅਥਾਰਟੀ ਜਾਂ ਫੋਰਮ ਦੇ ਸਾਹਮਣੇ ਪੇਸ਼ ਨਹੀਂ ਹੋਣਗੇ, ਕੰਮ ਨਹੀਂ ਕਰਨਗੇ, ਬਹਿਸ ਨਹੀਂ ਕਰਨਗੇ, ਪ੍ਰੈਕਟਿਸ ਨਹੀਂ ਕਰਨਗੇ, ਵਕਾਲਤਨਾਮਾ ਦਾਇਰ ਨਹੀਂ ਕਰਨਗੇ, ਜਾਂ ਆਪਣੇ ਆਪ ਨੂੰ ਪ੍ਰੈਕਟਿਸ ਕਰਨ ਦੇ ਹੱਕਦਾਰ ਵਜੋਂ ਨਹੀਂ ਦਰਸਾਉਣਗੇ।”

Share: