ਖੇਤੀ ਮੰਤਰੀ Khudian ਤੇ Sisodia ਵਿਚਾਲੇ ਤਲਖ਼ ਕਲਾਮੀ ਨੇ ਛੇੜੀ ਚਰਚਾ

ਖੇਤੀ ਮੰਤਰੀ Khudian ਤੇ Sisodia ਵਿਚਾਲੇ ਤਲਖ਼ ਕਲਾਮੀ ਨੇ ਛੇੜੀ ਚਰਚਾ

ਚੰਡੀਗਡ਼੍ਹ: ਲੁਧਿਆਣਾ ’ਚ ਵੋਟਰਾਂ ਦੀ ਵਿਸ਼ੇਸ਼ ਸੁਧਾਈ ਦੇ ਮਾਮਲੇ ’ਤੇ ਚਰਚਾ ਕਰਨ ਲਈ ਰੱਖੀ ਮੀਟਿੰਗ ’ਚ ਉਸ ਵਕਤ ਖਟਾਸ ਪੈਦਾ ਗਈ ਜਦੋਂ ਇੱਕ ‘ਆਪ’ ਮੰਤਰੀ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਦਰਮਿਆਨ ਤਲਖ਼ ਕਲਾਮੀ ਹੋ ਗਈ। ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ’ਚ ਐੱਸ ਆਈ ਆਰ ਅਤੇ ਨਿਗਮ ਚੋਣਾਂ ’ਤੇ ਚਰਚਾ ਕਰਨ ਲਈ ਬੀਤੇ ਕੱਲ੍ਹ ਇੱਕ ਮੀਟਿੰਗ ਸੱਦੀ ਗਈ ਸੀ। ਪੰਜਾਬ ਦੇ ਇੱਕ ਮੰਤਰੀ ਅਤੇ ਪਾਰਟੀ ਦੇ ਪੰਜਾਬ ਦੇ ਇੰਚਾਰਜ ਦਰਮਿਆਨ ਹੋਈ ਤਲਖ਼ ਕਲਾਮੀ ਨੇ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਹੋਰ ਮਹੱਤਵਪੂਰਨ ਬਣਾ ਦਿੱਤਾ ਹੈ।

ਚਸ਼ਮਦੀਦਾਂ ਅਨੁਸਾਰ ਜਦੋਂ ਬੀਤੇ ਕੱਲ੍ਹ ਲੁਧਿਆਣਾ ’ਚ ਪਾਰਟੀ ਮੀਟਿੰਗ ਖ਼ਤਮ ਹੋਈ ਤਾਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੂੰ ਬਠਿੰਡਾ ਨਿਗਮ ਦੀ ਚੋਣ ਲਈ ਕੁੱਝ ਉਮੀਦਵਾਰਾਂ ਦੀ ਚੋਣ ਬਾਰੇ ਸਵਾਲ ਕੀਤੇ। ਦੋਵੇਂ ਆਗੂਆਂ ’ਚ ਸ਼ੁਰੂ ਵਿੱਚ ਇਹ ਗੱਲਬਾਤ ਠੀਕ ਦਿਸ਼ਾ ਤੇ ਸਹੀ ਸੁਰ ’ਚ ਹੋਈ ਪ੍ਰੰਤੂ ਬਾਅਦ ’ਚ ਮਾਹੌਲ ਤਲਖ਼ ਹੋ ਗਿਆ। ਖੁੱਡੀਆਂ ਇਸ ਮੌਕੇ ਤਲਖ਼ ਦਿਸੇ ਅਤੇ ਉਨ੍ਹਾਂ ਨੇ ਬਠਿੰਡਾ ਨਿਗਮ ਦੀ ਚੋਣ ’ਚ ਇੱਕ ਸਮਰਥਕ ਨੂੰ ਟਿਕਟ ਨਾ ਦੇਣ ’ਤੇ ਇਤਰਾਜ਼ ਕੀਤਾ। ਖੁੱਡੀਆਂ ਨੇ ਕਿਹਾ ਕਿ ਇੱਕ ਸਾਬਕਾ ਮੇਅਰ ਦੇ ਕਹਿਣ ’ਤੇ ਕੁੱਝ ਸਾਬਕਾ ਕਾਂਗਰਸੀ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਸਿਸੋਦੀਆ ਨੇ ਇਸ ਮਾਮਲੇ ’ਤੇ ਚਰਚਾ ਕਰਨ ਲਈ ਕਿਹਾ ਪ੍ਰੰਤੂ ਖੁੱਡੀਆਂ ਆਪਣੀ ਗੱਲ ’ਤੇ ਅੜੇ ਰਹੇ। ਇਸ ਮੌਕੇ ਕੁੱਝ ਵਿਧਾਇਕਾਂ ਨੇ ਦਖਲ ਦੇ ਕੇ ਮਾਹੌਲ ਸ਼ਾਂਤ ਕਰਵਾਇਆ।

ਮੱਤਭੇਦ ਦਾ ਮੁੱਖ ਕਾਰਨ ਬਠਿੰਡਾ ਨਗਰ ਨਿਗਮ ਦੀ ਚੋਣ ਲਈ ਖੁੱਡੀਆਂ ਸਮਰਥਕ ਇੱਕ ਸਾਬਕਾ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੂੰ ‘ਆਪ’ ਵੱਲੋਂ ਟਿਕਟ ਦੇਣ ਤੋਂ ਕੀਤੀ ਇਨਕਾਰੀ ਨੂੰ ਦੱਸਿਆ ਜਾ ਰਿਹਾ ਹੈ। ਜਦੋਂ ਖੁੱਡੀਆਂ ਪਿਛਲੀ ਲੋਕ ਸਭਾ ਚੋਣ ਬਠਿੰਡਾ ਸੰਸਦੀ ਹਲਕੇ ਤੋਂ ਲੜੇ ਸਨ ਤਾਂ ਉਸ ਵਕਤ ਹਰਪਾਲ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਸੀ।

ਇਸ ਤੋਂ ਪਹਿਲਾਂ ਬਠਿੰਡਾ ਦੇ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਬਠਿੰਡਾ ਨਿਗਮ ਦੀ ਚੋਣ ਲਈ ਦਿੱਤੀਆਂ ਟਿਕਟਾਂ ’ਤੇ ਉਂਗਲ ਉਠਾ ਚੁੱਕੇ ਹਨ।

ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਕੇਜਰੀਵਾਲ ਪਾਰਟੀ ਸੰਗਠਨ ਬਾਰੇ ਆਗੂਆਂ ਨੂੰ ਮਿਲਣ ਲਈ ਪੰਜਾਬ ਪੁੱਜੇ ਤਾਂ ਜੋ ਨਿਗਮ ਚੋਣਾਂ ਅਤੇ ਅਗਾਮੀ ਪੰਜਾਬ ਚੋਣਾਂ ਬਾਰੇ ਰਣਨੀਤੀ ਤਿਆਰ ਕੀਤੀ ਜਾ ਸਕੇ। ਪਾਰਟੀ ਦੇ ਅਹੁਦੇਦਾਰਾਂ ਲਈ ਇਹ ਮੀਟਿੰਗ ਅਹਿਮ ਹੈ। ਖੇਤੀ ਮੰਤਰੀ ਖੁੱਡੀਆਂ ਦਾ ਪੱਖ ਜਾਣਨ ਲਈ ਵਾਰ ਵਾਰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਪਾਰਟੀ ਆਗੂਆਂ ਨੇ ਵੀ ਕੋਈ ਜੁਆਬ ਨਾ ਦਿੱਤਾ।

Share: