ਦੇਹਰਾਦੂਨ: ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਮੁਨਕਾਤੀਆ ਵਿਖੇ ਅਚਾਨਕ ਢਿੱਗਾਂ ਡਿੱਗਣ ਕਾਰਨ ਕੇਦਾਰਨਾਥ ਮਾਰਗ ’ਤੇ ਫਸੇ 10,450 ਸ਼ਰਧਾਲੂਆਂ ਨੂੰ ਸਾਂਝੀਆਂ ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਅਧਿਕਾਰੀਆਂ ਮੁਤਾਬਕ ਖੇਤਰ ਵਿੱਚ ਭਾਰੀ ਬਾਰਸ਼ ਤੋਂ ਬਾਅਦ ਮੰਗਲਵਾਰ ਦੇਰ ਰਾਤ ਸੋਨਪ੍ਰਯਾਗ ਅਤੇ ਗੌਰੀਕੁੰਡ ਦੇ ਵਿਚਕਾਰ ਢਿੱਗਾਂ ਡਿੱਗਣ ਦੀ ਇਹ ਘਟਨਾ ਵਾਪਰੀ, ਜਿਸ ਦੇ ਮਲਬੇ ਨੇ ਮੁੱਖ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਫਸ ਗਏ।
ਲਗਾਤਾਰ ਪੱਥਰ ਡਿੱਗਣ, ਭਾਰੀ ਮੀਂਹ, ਹਨੇਰੇ ਅਤੇ ਪਹਾੜੀ ਖੇਤਰ ਦੀਆਂ ਚੁਣੌਤੀਆਂ ਨੇ ਫਸੇ ਹੋਏ ਯਾਤਰੀਆਂ ਲਈ ਬੇਹੱਦ ਮੁਸ਼ਕਲ ਸਥਿਤੀ ਪੈਦਾ ਕਰ ਦਿੱਤੀ ਸੀ। ਜ਼ਿਲ੍ਹਾ ਕੰਟਰੋਲ ਰੂਮ (ਡੀ.ਸੀ.ਆਰ.) ਰੁਦਰਪ੍ਰਯਾਗ ਨੇ ਰਾਤ 9:16 ਵਜੇ ਸਟੇਟ ਡਿਸਾਸਟਰ ਰਿਸਪਾਂਸ ਫੋਰਸ (SDRF) ਨੂੰ ਅਲਰਟ ਕੀਤਾ, ਜਿਸ ਤੋਂ ਬਾਅਦ ਸੋਨਪ੍ਰਯਾਗ ਤੋਂ ਇੱਕ ਬਚਾਅ ਟੀਮ ਜ਼ਰੂਰੀ ਸਾਜ਼ੋ-ਸਾਮਾਨ ਦੇ ਨਾਲ ਤੁਰੰਤ ਮੌਕੇ ‘ਤੇ ਪਹੁੰਚੀ।
ਇਸ ਤੋਂ ਬਾਅਦ ਐੱਸ ਡੀ ਆਰ ਐੱਫ ਅਤੇ ਨੈਸ਼ਨਲ ਡਿਸਾਸਟਰ ਰਿਸਪਾਂਸ ਫੋਰਸ (NDRF) ਨੇ ਸਾਂਝੇ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਸਾਂਝੀਆਂ ਟੀਮਾਂ ਨੇ ਲਗਾਤਾਰ ਪੈ ਰਹੇ ਮੀਂਹ ਅਤੇ ਘੱਟ ਵਿਜ਼ੀਬਿਲਟੀ ਦੇ ਵਿਚਕਾਰ ਸ਼ਰਧਾਲੂਆਂ ਦਾ ਹੌਸਲਾ ਵਧਾਉਂਦੇ ਹੋਏ 10,450 ਫਸੇ ਹੋਏ ਯਾਤਰੀਆਂ ਨੂੰ ਪ੍ਰਭਾਵਿਤ ਹਿੱਸੇ ਤੋਂ ਸੁਰੱਖਿਅਤ ਪਾਰ ਕਰਵਾਇਆ ਅਤੇ ਉਨ੍ਹਾਂ ਨੂੰ ਨਿਰਧਾਰਤ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਬਚਾਅ ਕਾਰਜ ਮੁਕੰਮਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਜਮ੍ਹਾਂ ਹੋਏ ਮਲਬੇ ਨੂੰ ਹਟਾਉਣ ਲਈ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ, ਜਿਸ ਸਦਕਾ ਕੁਝ ਹੀ ਸਮੇਂ ਵਿੱਚ ਹਾਈਵੇਅ ਨੂੰ ਬਹਾਲ ਕਰਕੇ ਵਾਹਨਾਂ ਦੀ ਆਮ ਆਵਾਜਾਈ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਐੱਸ.ਡੀ.ਆਰ.ਐੱਫ. ਦੇ ਕਮਾਂਡੈਂਟ ਅਰਪਨ ਯਦੂਵੰਸ਼ੀ ਨੇ ਦੱਸਿਆ ਕਿ ਯਾਤਰਾ ਮਾਰਗ ‘ਤੇ ਤਾਇਨਾਤ ਟੀਮਾਂ ਪੂਰੀ ਤਰ੍ਹਾਂ ਅਲਰਟ ਸਨ ਅਤੇ ਇਸ ਅਗਾਂਊਂ ਤਾਇਨਾਤੀ ਸਦਕਾ ਹੀ ਤੁਰੰਤ ਕਾਰਵਾਈ ਅਤੇ ਪ੍ਰਭਾਵਸ਼ਾਲੀ ਤਾਲਮੇਲ ਸੰਭਵ ਹੋ ਸਕਿਆ। ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀਆਂ ਵੱਲੋਂ ਮਲਬਾ ਸਾਫ਼ ਕਰਕੇ ਰੁਕਾਵਟ ਨੂੰ ਹਟਾ ਦਿੱਤਾ ਗਿਆ ਹੈ ਅਤੇ ਫਸੇ ਹੋਏ ਵਾਹਨ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋ ਗਏ ਹਨ।

