China Explosion: ਚੀਨ ਦੀ ਪਟਾਕਾ ਫੈਕਟਰੀ ’ਚ ਭਿਆਨਕ ਧਮਾਕਾ; 21 ਮੌਤਾਂ, 61 ਜ਼ਖ਼ਮੀ

China Explosion: ਚੀਨ ਦੀ ਪਟਾਕਾ ਫੈਕਟਰੀ ’ਚ ਭਿਆਨਕ ਧਮਾਕਾ; 21 ਮੌਤਾਂ, 61 ਜ਼ਖ਼ਮੀ

ਪੇਚੀਇੰਗ: ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਇੱਕ ਪਟਾਕਾ ਬਣਾਉਣ ਵਾਲੀ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ 61 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਹ ਹਾਦਸਾ ਸੋਮਵਾਰ ਸ਼ਾਮ ਨੂੰ ਲਿਊਯਾਂਗ ਸ਼ਹਿਰ ਦੇ ਗੁਆਂਡੂ ਕਸਬੇ ਵਿੱਚ ਸਥਿਤ ‘ਲਿਊਯਾਂਗ ਹੁਆਸ਼ੇਂਗ ਫਾਇਰਵਰਕਸ ਮੈਨੂਫੈਕਚਰਿੰਗ ਐਂਡ ਡਿਸਪਲੇਅ ਕੰਪਨੀ’ ਵਿੱਚ ਵਾਪਰਿਆ।

ਸਰਕਾਰੀ ਖ਼ਬਰ ਏਜੰਸੀ ‘ਸਿਨਹੂਆ’ ਮੁਤਾਬਕ ਧਮਾਕਾ ਸੋਮਵਾਰ ਸ਼ਾਮ ਕਰੀਬ 5 ਵਜੇ ਹੋਇਆ, ਜਿਸ ਦੀ ਗੂੰਜ ਦੂਰ-ਦੂਰ ਤੱਕ ਸੁਣੀ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਚਾਰੇ ਪਾਸੇ ਮਲਬਾ ਖਿੱਲਰ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਨੇ ਐਮਰਜੈਂਸੀ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਮੌਕੇ ’ਤੇ ਰਵਾਨਾ ਕਰ ਦਿੱਤਾ, ਜਿਨ੍ਹਾਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕੀਤੇ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 21 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜ਼ਖ਼ਮੀ ਹੋਏ 61 ਲੋਕਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫੈਕਟਰੀ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਜਾਂ ਨਹੀਂ।
Share: