Laljit Bhullar news: ਡਿਜੀਟਲ ਸਬੂਤਾਂ ਦੇ ਜਾਲ ’ਚ ਫਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ; ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਖੋਲ੍ਹਣਗੇ ‘ਰਾਜ਼’

Laljit Bhullar news: ਡਿਜੀਟਲ ਸਬੂਤਾਂ ਦੇ ਜਾਲ ’ਚ ਫਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ; ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਖੋਲ੍ਹਣਗੇ ‘ਰਾਜ਼’

ਅੰਮ੍ਰਿਤਸਰ (ਮਨੀਸ਼ ਰਿਹਾਨ): ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀਐੱਮ) ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇੱਕ ਅਜਿਹਾ ਜਾਲ ਤਿਆਰ ਹੋ ਚੁੱਕਾ ਹੈ, ਜੋ ਇਸ ਕੇਸ ਵਿੱਚ ਸਰਕਾਰੀ ਪੱਖ ਦੀ ਰੀੜ੍ਹ ਦੀ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ਼ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ’ਤੇ ਨਿਰਭਰ ਨਹੀਂ ਹੈ। ਪੁਲੀਸ ਵੱਲੋਂ ਹਫ਼ਤਿਆਂ ਦੀ ਮੁਸ਼ੱਕਤ ਤੋਂ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾ. ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਹਨ। ਪੁਲੀਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਬਰਾਮਦ ਕਰ ਲਈ ਹੈ, ਜੋ 13 ਮਾਰਚ ਨੂੰ ਭੁੱਲਰ ਵੱਲੋਂ ਰੰਧਾਵਾ ਨੂੰ ਵਾਰ-ਵਾਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ।

ਰਣਜੀਤ ਐਵੇਨਿਊ ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਪ੍ਰੀਤ ਕੌਰ ਦੀ ਅਦਾਲਤ ਵਿੱਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ (PA) ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਕੇਸ ਵਿੱਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਹਨ ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾ. ਰੰਧਾਵਾ ’ਤੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਪਿਤਾ ਨੂੰ ਵੇਅਰਹਾਊਸ ਦਾ ਠੇਕਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ, ਅਤੇ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਜ਼ਲੀਲ ਤੇ ਡਰਾਇਆ-ਧਮਕਾਇਆ ਗਿਆ।

ਦੋ ਵੀਡੀਓ ਬਣਨਗੇ ਟਰਾਇਲ ਦਾ ਮੁੱਖ ਆਧਾਰ

ਇਸ ਕੇਸ ਵਿੱਚ ਸਭ ਤੋਂ ਅਹਿਮ ਸਬੂਤ ਦੋ ਵੀਡੀਓਜ਼ ਹਨ। ਪਹਿਲੀ 12 ਸੈਕਿੰਡ ਦੀ ਉਹ ਖ਼ੌਫ਼ਨਾਕ ਵੀਡੀਓ ਹੈ, ਜੋ ਡਾ. ਰੰਧਾਵਾ ਨੇ ਸਲਫ਼ਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਆਪਣੇ ਮੋਬਾਈਲ ’ਤੇ ਰਿਕਾਰਡ ਕੀਤੀ ਸੀ। ਦੂਜੀ ਵੀਡੀਓ, ਜੋ ਇਸ ਵੇਲੇ ਫੋਰੈਂਸਿਕ ਜਾਂਚ ਅਧੀਨ ਹੈ, ਕਥਿਤ ਤੌਰ ’ਤੇ ਲਾਲਜੀਤ ਭੁੱਲਰ ਦੇ ਘਰ-ਕਮ-ਦਫ਼ਤਰ ਵਿਖੇ ਪਿਸਤੌਲ ਦੀ ਨੋਕ ’ਤੇ ਬਣਵਾਈ ਗਈ ਸੀ, ਜਿਸ ਵਿੱਚ ਡਾ. ਰੰਧਾਵਾ ਨੂੰ ਦੂਜੀ ਧਿਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਸਰਹਾਲੀ ਟੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਅਤੇ ਮੋਬਾਈਲ ਟਾਵਰ ਡੰਪ ਲੋਕੇਸ਼ਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਹੈ ਕਿ 13 ਮਾਰਚ ਨੂੰ ਡਾ. ਰੰਧਾਵਾ, ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ, ਪੀਏ ਦਿਲਬਾਗ ਅਤੇ ਇੱਕ ਹੋਰ ਅਧਿਕਾਰੀ ਹਰਪ੍ਰੀਤ ਸਿੰਘ ਸਾਰੇ ਇੱਕੋ ਜਗ੍ਹਾ ਮੌਜੂਦ ਸਨ।

ਬੀਐੱਨਐੱਸ (BNS) ਤਹਿਤ ਵਧਾਈਆਂ ਧਾਰਾਵਾਂ

ਗੰਭੀਰ ਸਿਆਸੀ ਵਿਵਾਦ ਤੋਂ ਬਾਅਦ 22 ਮਾਰਚ ਨੂੰ ਪੁਲੀਸ ਨੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 108 (ਖੁਦਕੁਸ਼ੀ ਲਈ ਉਕਸਾਉਣਾ), 351(3) (ਡਰਾਉਣਾ-ਧਮਕਾਉਣਾ) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਸੀ। ਪਰ ਜਾਂਚ ਦੌਰਾਨ ਜਦੋਂ ਮੁਲਜ਼ਮ ਲਾਲਜੀਤ ਭੁੱਲਰ ਨੇ ਆਪਣੇ ਘਰ ਦੀ ਡੀਵੀਆਰ (DVR) ਦੀ ਹਾਰਡ ਡਿਸਕ ਅਤੇ ਮੋਬਾਈਲ ਫੋਨ ਪੁਲੀਸ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ, ਤਾਂ ਪੁਲਿਸ ਨੇ ਕੇਸ ਵਿੱਚ ਸਬੂਤ ਮਿਟਾਉਣ ਦੀ ਧਾਰਾ 238 (BNS) ਅਤੇ ਸੱਟਾਂ ਮਾਰਨ ਦੀ ਧਾਰਾ 115(2) ਵੀ ਜੋੜ ਦਿੱਤੀ। ਹਸਪਤਾਲ ਦੀ ਸੀਸੀਟੀਵੀ ਫੁਟੇਜ ਅਤੇ ਡਾਕਟਰੀ ਰਿਪੋਰਟਾਂ ਨੂੰ ਵੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਗਿਆ ਹੈ।

ਪੁਲੀਸ ਕਾਰਵਾਈ ’ਤੇ ਉੱਠੇ ਸਵਾਲ, ਪੀੜਤ ਪਰਿਵਾਰ ਪਹੁੰਚਿਆ ਅਦਾਲਤ

ਮ੍ਰਿਤਕ ਡਾ. ਰੰਧਾਵਾ ਦੀ ਪਤਨੀ ਉਪਿੰਦਰਜੀਤ ਕੌਰ ਅਤੇ ਕੇਸ ਵਿੱਚ ਪਰਿਵਾਰ ਦੀ ਮਦਦ ਕਰ ਰਹੇ ਐਡਵੋਕੇਟ ਸਰਬਜੀਤ ਸਿੰਘ ਨੇ ਅੰਮ੍ਰਿਤਸਰ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸ਼ੰਕੇ ਪ੍ਰਗਟਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਿਮਾਂਡ ਦੌਰਾਨ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ‘ਵੀਆਈਪੀ ਟ੍ਰੀਟਮੈਂਟ’ ਦਿੱਤਾ ਗਿਆ, ਜਿਸ ਕਾਰਨ ਪੁਲੀਸ ਨਾ ਤਾਂ ਉਨ੍ਹਾਂ ਦਾ ਮੋਬਾਈਲ, ਨਾ ਡੀਵੀਆਰ ਦੀ ਹਾਰਡ ਡਿਸਕ ਅਤੇ ਨਾ ਹੀ ਉਹ ਪਿਸਤੌਲ ਬਰਾਮਦ ਕਰ ਸਕੀ ਜਿਸ ਨਾਲ ਰੰਧਾਵਾ ’ਤੇ ਹਮਲਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲੀਸ ਹਾਲੇ ਤੱਕ ਬਾਕੀ ਨਾਮਜ਼ਦ ਮੁਲਜ਼ਮਾਂ- ਸੁਖਦੇਵ ਭੁੱਲਰ ਅਤੇ ਪੀਏ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ। ਪਰਿਵਾਰ ਨੇ ਰਣਜੀਤ ਐਵੇਨਿਊ ਥਾਣੇ, ਸੀਆਈਏ ਸਟਾਫ਼ ਅਤੇ ਮੰਡੀ ਗੋਬਿੰਦਗੜ੍ਹ ਥਾਣੇ (ਜਿੱਥੋਂ ਗ੍ਰਿਫ਼ਤਾਰੀ ਹੋਈ ਸੀ) ਦੀ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ ਅਤੇ ਜਾਂਚ ਨੂੰ ਕਿਸੇ ਹੋਰ ਏਜੰਸੀ ਕੋਲ ਤਬਦੀਲ ਕਰਵਾਉਣ ਦਾ ਫੈਸਲਾ ਕੀਤਾ ਹੈ।

Share: