ਹੁਣ ਦੇਸ਼ ਚਲਾਉਣਾ ਮੋਦੀ ਦੇ ਵੱਸ ਦੀ ਗੱਲ ਨਹੀਂ: Rahul Gandhi

ਹੁਣ ਦੇਸ਼ ਚਲਾਉਣਾ ਮੋਦੀ ਦੇ ਵੱਸ ਦੀ ਗੱਲ ਨਹੀਂ: Rahul Gandhi

ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਚਤ ਦੀ ਅਪੀਲ ਕਰ ਕੇ ਆਪਣੀ ਨਾਕਾਮੀ ਦਾ ਸਬੂਤ ਦਿੱਤਾ ਹੈ ਅਤੇ ਹੁਣ ਦੇਸ਼ ਚਲਾਉਣਾ ‘ਸਮਝੌਤਾਵਾਦੀ’ ਪ੍ਰਧਾਨ ਮੰਤਰੀ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਵਾਰ ‘12 ਸਾਲਾਂ ਦੀ ਨਾਕਾਮੀ’ ਦਾ ਬੋਝ ਲੋਕਾਂ ਦੇ ਮੋਢਿਆਂ ’ਤੇ ਪਾ ਦਿੰਦੇ ਹਨ ਤਾਂ ਜੋ ਖੁਦ ਜਵਾਬਦੇਹੀ ਤੋਂ ਬਚ ਸਕਣ। ਰਾਹੁਲ ਨੇ ‘ਐਕਸ’ ’ਤੇ ਕਿਹਾ, ‘‘ਮੋਦੀ ਜੀ ਨੇ ਐਤਵਾਰ ਨੂੰ ਲੋਕਾਂ ਤੋਂ ਤਿਆਗ ਦੀ ਮੰਗ ਕਰਦਿਆਂ ਕਿਹਾ ਕਿ ਸੋਨਾ ਨਾ ਖ਼ਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਵਰਤੋ, ਖਾਦਾਂ ਅਤੇ ਖਾਣ ਵਾਲੇ ਤੇਲ ਦੀ ਘੱਟ ਵਰਤੋ ਕਰੋ, ਮੈਟਰੋ ’ਚ ਸਫਰ ਕਰੋ ਅਤੇ ਘਰ ਤੋਂ ਕੰਮ ਕਰੋ। ਇਹ ਉਪਦੇਸ਼ ਨਹੀਂ ਸਗੋਂ ਨਾਕਾਮੀ ਦੇ ਸਬੂਤ ਹਨ। ਦੇਸ਼ ਨੂੰ 12 ਸਾਲਾਂ ’ਚ ਇਸ ਮੁਕਾਮ ’ਤੇ ਲਿਆ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਦੱਸਣਾ ਪੈ ਰਿਹਾ ਹੈ ਕਿ ਕੀ ਖ਼ਰੀਦੋ, ਕੀ ਨਾ ਖ਼ਰੀਦੋ। ਕਿੱਥੇ ਜਾਓ, ਕਿੱਥੇ ਨਾ ਜਾਓ। ਹਰ ਵਾਰ ਜ਼ਿੰਮੇਵਾਰੀ ਲੋਕਾਂ ’ਤੇ ਪਾ ਦਿੰਦੇ ਹਨ ਤਾਂ ਜੋ ਖੁਦ ਜਵਾਬਦੇਹੀ ਤੋਂ ਬਚ ਸਕਣ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਜਦੋਂ ‘ਗਰੀਬੀ ’ਚ ਆਟਾ ਗਿੱਲਾ’ ਹੋ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਦੇਸ਼ ਨੂੰ ਬਚਤ ਕਰਨ ਦਾ ਸਬਕ ਪੜ੍ਹਾ ਰਹੇ ਹਨ। ਖੜਗੇ ਨੇ ਸਵਾਲ ਕੀਤਾ ਕਿ ਜੇ ਹਾਲਾਤ ਇੰਨੇ ਹੀ ਮਾੜੇ ਨਜ਼ਰ ਆ ਰਹੇ ਸਨ ਤਾਂ ਪ੍ਰਧਾਨ ਮੰਤਰੀ ਉਦੋਂ ਰੋਡ ਸ਼ੋਅ ਕਿਉਂ ਕਰ ਰਹੇ ਸਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਪੀਲ ਦਾ ਅਰਥ ਇਹ ਹੋ ਸਕਦਾ ਹੈ ਕਿ ਆਉਂਦੇ ਦਿਨਾਂ ’ਚ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ ਅਤੇ ਆਰਥਿਕ ਹਾਲਾਤ ਬਹੁਤ ਹੀ ਗੰਭੀਰ ਹਨ। ਉੱਧਰ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਆਰਥਿਕਤਾ ਅਤੇ ਵਿਦੇਸ਼ ਨੀਤੀ ਦੋਵਾਂ ਨੂੰ ਸੰਭਾਲਣ ਵਿੱਚ ਅਸਫਲ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਨੇ ਅਪੀਲ ਕਰ ਕੇ ਨਾਕਾਮੀ ਸਵੀਕਾਰ ਕਰ ਲਈ ਹੈ।

Share: