ਧਮਾਕਿਆਂ ਪਿੱਛੇ ਆਈ ਐੱਸ ਆਈ ਦਾ ਹੱਥ: DGP Gaurav Yadav

ਧਮਾਕਿਆਂ ਪਿੱਛੇ ਆਈ ਐੱਸ ਆਈ ਦਾ ਹੱਥ: DGP Gaurav Yadav

ਅੰਮ੍ਰਿਤਸਰ/ਜਲੰਧਰ (ਮਨੀਸ਼ ਰਿਹਾਨ) : ਪੰਜਾਬ ਵਿੱਚ ਮੰਗਲਵਾਰ ਰਾਤੀਂ ਅੰਮ੍ਰਿਤਸਰ ਤੇ ਜਲੰਧਰ ਵਿੱਚ ਉਪਰੋਥਲ਼ੀ ਹੋਏ ਦੋ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਮਾਕਿਆਂ ਕਰ ਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਦਹਿਸ਼ਤ ਜ਼ਰੂਰ ਫੈਲ ਗਈ। ਦੋਵਾਂ ਧਮਾਕਿਆਂ ਲਈ ਵਿਸਫੋਟਕ ਸਮੱਗਰੀ (ਆਈ ਈ ਡੀ) ਦੀ ਵਰਤੋਂ ਕੀਤੀ ਗਈ। ਡੀ ਜੀ ਪੀ ਗੌਰਵ ਯਾਦਵ ਨੇ ਅੱਜ ਦੋਵਾਂ ਥਾਵਾਂ ’ਤੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਬੀ ਐੱਸ ਐੱਫ, ਫ਼ੌਜੀ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਯਾਦਵ ਮੁਤਾਬਕ ਅੰਮ੍ਰਿਤਸਰ ਵਿੱਚ ਹੋਇਆ ਧਮਾਕਾ ਘੱਟ ਸ਼ਿੱਦਤ ਵਾਲਾ ਸੀ, ਇਸ ਪਿੱਛੇ ਪਾਕਿਸਤਾਨ ਦੀ ਆਈ ਐੇੱਸ ਆਈ ਦਾ ਹੱਥ ਹੋਣ ਦਾ ਖ਼ਦਸ਼ਾ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਨਾਂ ਦੀ ਜਥੇਬੰਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਖਾਸਾ ਫੌਜੀ ਛਾਉਣੀ ਦੇ ਬਾਹਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਜਲੰਧਰ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਜਥੇਬੰਦੀ ਨੇ ਲਈ ਸੀ, ਜਿਸ ਦੀ ਤਸਦੀਕ ਜਾਰੀ ਹੈ। ਪਹਿਲਾ ਧਮਾਕਾ ਜਲੰਧਰ ਵਿੱਚ ਰਾਤ 8 ਵਜੇ ਦੇ ਕਰੀਬ ਬੀ ਐੱਸ ਐੱਫ ਦੀ ਪੰਜਾਬ ਫਰੰਟੀਅਰ ਦੇ ਹੈੱਡਕੁਆਰਟਰ ਦੇ ਬਾਹਰ ਹੋਇਆ। ਦੂਜਾ ਧਮਾਕਾ ਤਿੰਨ ਘੰਟੇ ਦੇ ਵਕਫ਼ੇ ਨਾਲ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਖਾਸਾ ’ਚ ਫ਼ੌਜੀ ਛਾਉਣੀ ਨੇੜੇ ਹੋਇਆ।

ਧਮਾਕੇ ’ਚ ਛਾਉਣੀ ਦੀ ਕੰਧ ਨੂੰ ਨੁਕਸਾਨ ਪਹੁੰਚਿਆ। ਧਮਾਕਾ ਭਾਵੇਂ ਘੱਟ ਤੀਬਰਤਾ ਵਾਲਾ ਸੀ, ਪਰ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕਾ ਫ਼ੌਜੀ ਛਾਉਣੀ ਦੀ ਕੰਧ ਨਾਲ ਹੋਇਆ, ਪਰ ਇੱਥੇ ਨੇੜੇ ਹੀ ਬੀ ਐੱਸ ਐੱਫ ਦਾ ਖਾਸਾ ਹੈੱਡ ਕੁਆਰਟਰ ਵੀ ਹੈ। ਘਟਨਾ ਤੋਂ ਬਾਅਦ ਭਾਰਤੀ ਫ਼ੌਜ ਤੇ ਬੀ ਐੱਸ ਐੱਫ ਫ਼ੌਰੀ ਹਰਕਤ ਵਿੱਚ ਆ ਗਏ। ਬੰਬ ਵਿਰੋਧੀ ਦਸਤੇ ਨੂੰ ਵੀ ਸੱਦਿਆ ਗਿਆ, ਜਿਸ ਨੇ ਨੇੜਲੇ ਇਲਾਕੇ ਦੀ ਛਾਣਬੀਨ ਕੀਤੀ। ਫੋਰੈਂਸਿਕ ਟੀਮਾਂ ਨੇ ਵੀ ਘਟਨਾ ਸਥਾਨ ਦੀ ਜਾਂਚ ਕੀਤੀ। ਡੀ ਜੀ ਪੀ ਯਾਦਵ ਨੇ ਦੱਸਿਆ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਵਿਸਫੋਟਕ ਸਮੱਗਰੀ (ਆਈ ਈ ਡੀ) ਨਾਲ ਕੀਤਾ ਗਿਆ ਸੀ। ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਤੋਂ ਕੁਝ ਅਜਿਹੇ ਸਬੂਤ ਬਰਾਮਦ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਧਮਾਕਾ ਡਿਵਾਈਸ ਰਿਮੋਟ ਕੰਟਰੋਲ ਜਾਂ ਟਾਈਮਰ ਨਾਲ ਕੀਤਾ ਗਿਆ ਹੋ ਸਕਦਾ ਹੈ। ਪੁਲੀਸ ਮੁਖੀ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਇਸ ਪਿੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਦਿਹਾਤੀ ਪੁਲੀਸ ਦੇ ਐੱਸ ਐੱਸ ਪੀ ਸੋਹੇਲ ਕਾਸਿਮ ਹਾਜ਼ਰ ਸਨ। ਇਸ ਦੌਰਾਨ ਜਲੰਧਰ ਦੀ ਪੁਲੀਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਬੀ ਐੱਸ ਐੱਫ ਹੈੱਡਕੁਆਰਟਰ ਨੇੜੇ ਹੋਏ ਧਮਾਕੇ ਲਈ ਵਿਸਫੋਟਕ ਸਕੂਟਰੀ ਵਿੱਚ ਰੱਖੇ ਹੋਏ ਸਨ। ਜਾਂਚ ਟੀਮਾਂ ਨੇ ਮੌਕੇ ਤੋਂ ਨਮੂਨੇ ਇਕੱਠੇ ਕੀਤੇ ਹਨ।

Share: