public Grievance: ਪ੍ਰੀ-ਪੇਡ ਮੀਟਰਾਂ ਦਾ ਬਿੱਲ ਨਾ ਭਰਨ ਕਾਰਨ ਬਿਜਲੀ ਬੰਦ

public Grievance: ਪ੍ਰੀ-ਪੇਡ ਮੀਟਰਾਂ ਦਾ ਬਿੱਲ ਨਾ ਭਰਨ ਕਾਰਨ ਬਿਜਲੀ ਬੰਦ

ਡੇਰਾਬੱਸੀ: ਸਰਕਾਰੀ ਅਦਾਰਿਆਂ ’ਚ ਪ੍ਰੀ-ਪੇਡ ਮੀਟਰ ਲਾਉਣ ਦੀ ਸਰਕਾਰ ਵੱਲੋਂ ਜਾਰੀ ਹਦਾਇਤ ਤਹਿਤ ਪਾਵਰਕੌਮ ਨੇ ਡੇਰਾਬੱਸੀ ਦੇ ਸਾਰੇ ਸਰਕਾਰੀ ਦਫ਼ਤਰਾਂ ’ਚ ਪ੍ਰੀ-ਪੇਡ ਮੀਟਰ ਲਾ ਦਿੱਤੇ ਹਨ। ਵਿਭਾਗ ਨੇ ਪੁਰਾਣੇ ਮੀਟਰਾਂ ਦੀ ਥਾਂ ਪ੍ਰੀ-ਪੇਡ ਮੀਟਰ ਕਾਫੀ ਸਮਾਂ ਪਹਿਲਾਂ ਲਾ ਦਿੱਤੇ ਸਨ ਪਰ ਉਨ੍ਹਾਂ ਨੂੰ ਚਾਲੂ ਹੁਣ ਕੀਤਾ ਹੈ। ਅਜਿਹੇ ’ਚ ਮੀਟਰ ਦੀ ਲਿਮਟ ਪੂਰੀ ਹੋਣ ਤੇ ਮੀਟਰ ਆਪਣੇ-ਆਪ ਬੰਦ ਹੋ ਗਏ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। ਹਾਲਾਂਕਿ ਡੇਰਾਬੱਸੀ ਕੋਰਟ ਕੰਪਲੈਕਸ ’ਚ ਜੈਨਰੇਟਰਾਂ ਦੀ ਸਹੂਲਤ ਹੋਣ ਕਰ ਕੇ ਅਦਾਲਤੀ ਕੰਮਕਾਜ ’ਚ ਖੜੋਤ ਨਹੀਂ ਆਈ। ਸੇਵਾ ਕੇਂਦਰ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਬਿਜਲੀ ਬੰਦ ਹੋ ਗਈ ਸੀ ਜਦੋਂ ਉਨ੍ਹਾਂ ਪਾਵਰਕੌਮ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਵਿਭਾਗ ਨੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਅਚਾਨਕ ਬਿਜਲੀ ਬੰਦ ਹੋ ਗਈ। ਬਿੱਲ ਭਰਨ ਮਗਰੋਂ ਵੀ ਕੰਪਨੀ ਵਲੋਂ ਬਿਜਲੀ ਸਪਲਾਈ ਚਾਲੂ ਕਰਨ ’ਚ ਸਮਾਂ ਲੱਗ ਰਿਹਾ ਹੈ ਤੇ ਅੱਜ ਵੀਰਵਾਰ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ।ਅੱਜ ਸਾਰਾ ਦਿਨ ਬਿਜਲੀ ਬੰਦ ਰਹਿਣ ਕਰਕੇ ਕੋਈ ਕੰਮ ਨਹੀਂ ਹੋ ਸਕਿਆ, ਜਿਸ ਕਰ ਕੇ ਸਾਰਾ ਦਿਨ ਲੋਕ ਪ੍ਰੇਸ਼ਾਨ ਹੁੰਦੇ ਰਹੇ।

ਦੂਜੇ ਪਾਸੇ ਪਾਵਰਕੌਮ ਦੇ ਐੱਸ ਡੀ ਓ ਗੁਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਹੁਕਮਾਂ ’ਤੇ ਪ੍ਰੀ-ਪੇਡ ਮੀਟਰ ਲਾਏ ਗਏ ਹਨ ਅਤੇ ਜਿਨ੍ਹਾਂ ਦੀ ਲਿਮਟ ਉੱਪਰ ਹੋ ਜਾਂਦੀ ਹੈ ਉਨ੍ਹਾਂ ਦੀ ਸਪਲਾਈ ਆਪਣੇ-ਆਪ ਬੰਦ ਹੋ ਜਾਂਦੀ ਹੈ। ਬਿੱਲ ਭਰਨ ਮਗਰੋਂ ਕੁਝ ਦੇਰ ਵਿੱਚ ਸਪਲਾਈ ਚਾਲੂ ਹੋ ਜਾਂਦੀ ਹੈ।

Share: