ਪੇਈਚਿੰਗ : ਚੀਨ ਦੇ ਉੱਤਰੀ ਸੂਬੇ ਸ਼ਾਂਕਸੀ (Shanxi) ਵਿੱਚ ਇੱਕ ਕੋਲੇ ਦੀ ਖਾਣ ਵਿੱਚ ਹੋਏ ਗੈਸ ਧਮਾਕੇ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 38 ਲੋਕ ਜ਼ਮੀਨ ਦੇ ਅੰਦਰ ਫਸ ਗਏ, ਸਰਕਾਰੀ ਮੀਡੀਆ ਨੇ ਸ਼ਨਿਚਰਵਾਰ ਨੂੰ ਰਿਪੋਰਟ ਦਿੱਤੀ। ਅਧਿਕਾਰਤ ਨਿਊਜ਼ ਏਜੰਸੀ ਸਿਨਹੂਆ (Xinhua) ਦੇ ਅਨੁਸਾਰ ਚਾਂਗਜ਼ੀ (Changzhi) ਸ਼ਹਿਰ ਦੀ ਲਿਊਸ਼ੇਨਯੂ (Liushenyu) ਕੋਲੇ ਦੀ ਖਾਣ ਵਿੱਚ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ, ਜਿਸ ਨੇ ਰਿਪੋਰਟ ਦਿੱਤੀ ਕਿ ਉਸ ਸਮੇਂ ਲਗਪਗ 247 ਕਰਮਚਾਰੀ ਜ਼ਮੀਨ ਦੇ ਅੰਦਰ ਸਨ। ਸ਼ਨਿਚਰਵਾਰ ਸਵੇਰ ਤੱਕ, 201 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਸਤ੍ਵਾ ‘ਤੇ ਲਿਆਂਦਾ ਜਾ ਚੁੱਕਾ ਸੀ।
ਸਿਨਹੂਆ ਨੇ ਰਿਪੋਰਟ ਦਿੱਤੀ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਸਿਨਹੂਆ ਦੇ ਅਨੁਸਾਰ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਾਪਤਾ ਲੋਕਾਂ ਨੂੰ ਬਚਾਉਣ ਲਈ ਪੂਰੀ ਵਾਹ ਲਾਉਣ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਾਲ-ਨਾਲ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦਾ ਸੱਦਾ ਦਿੱਤਾ ਹੈ। ਸ਼ਾਂਕਸੀ ਸੂਬਾ ਚੀਨ ਦੇ ਮੁੱਖ ਕੋਲਾ ਮਾਈਨਿੰਗ (ਕੋਲਾ ਖਣਨ) ਸੂਬੇ ਵਜੋਂ ਜਾਣਿਆ ਜਾਂਦਾ ਹੈ। ਗ੍ਰੀਸ ਨਾਲੋਂ ਵੱਡੇ ਆਕਾਰ ਅਤੇ ਲਗਭਗ 34 ਮਿਲੀਅਨ (3.4 ਕਰੋੜ) ਦੀ ਆਬਾਦੀ ਵਾਲੇ ਇਸ ਸੂਬੇ ਦੇ ਲੱਖਾਂ ਮਾਈਨਰਾਂ (ਖਣਿਕਾਂ) ਨੇ ਪਿਛਲੇ ਸਾਲ 1.3 ਅਰਬ ਟਨ (1.17 ਅਰਬ ਮੀਟ੍ਰਿਕ ਟਨ) ਕੋਲੇ ਦੀ ਖੁਦਾਈ ਕੀਤੀ, ਜੋ ਕਿ ਚੀਨ ਦੇ ਕੁੱਲ ਕੋਲੇ ਦਾ ਲਗਪਗ ਇੱਕ ਤਿਹਾਈ ਹਿੱਸਾ ਹੈ।

