Peshawar ’ਚ Dilip Kumar ਅਤੇ Raj Kapoor ਦੇ ਜੱਦੀ ਘਰ ਢਹਿਣ ਕੰਢੇ

Peshawar ’ਚ Dilip Kumar ਅਤੇ Raj Kapoor ਦੇ ਜੱਦੀ ਘਰ ਢਹਿਣ ਕੰਢੇ

ਪਿਸ਼ਾਵਰ: ਪਾਕਿਸਤਾਨ ਦੇ ਪਿਸ਼ਾਵਰ ’ਚ ਵਿਰਾਸਤ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਅੱਜ ਕਿਹਾ ਕਿ ਬੌਲੀਵੁੱਡ ਅਦਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਸਥਾਨਕ ਜੱਦੀ ਘਰ ਕਦੇ ਵੀ ਢਹਿ ਸਕਦੇ ਹਨ। ਹਾਲ ਹੀ ਵਿੱਚ ਆਏ ਭੂਚਾਲ ਕਾਰਨ ਨੁਕਸਾਨੀਆਂ ਗਈਆਂ ਇਹ ਇਮਾਰਤਾਂ ਅਸੁਰੱਖਿਅਤ ਹਨ। ਉੱਤਰ ਪੱਛਮੀ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਰਾਜਧਾਨੀ ’ਚ ਸਥਿਤ ਦੋਵੇਂ ਮਰਹੂਮ ਅਦਾਕਾਰਾਂ ਦੇ ਜੱਦੀ ਘਰਾਂ ਨੂੰ ਪਾਕਿਸਤਾਨ ਸਰਕਾਰ ਨੇ 2016 ’ਚ ਕੌਮੀ ਵਿਰਾਸਤ ਐਲਾਨਿਆ ਸੀ। ਬਰਸਾਤ ਦਾ ਮੌਸਮ ਸ਼ੁਰੂ ਹੋਣ ’ਚ ਕੁਝ ਹੀ ਹਫ਼ਤੇ ਬਾਕੀ ਹਨ। ਅਜਿਹੇ ’ਚ ਮਾਹਿਰਾਂ ਨੇ ਸਰਕਾਰ ਦਾ ਧਿਆਨ ਇਨ੍ਹਾਂ ਇਮਾਰਤਾਂ ਦੀ ਖ਼ਸਤਾ ਹਾਲਤ ਵੱਲ ਖਿੱਚਿਆ ਹੈ ਅਤੇ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਤੁਰੰਤ ਸੰਭਾਲ ਕਰਨ ਦੀ ਮੰਗ ਕੀਤੀ ਹੈ। ਕਦੇ ਸ਼ਾਨਦਾਰ ਰਹੀ ਕਿੱਸਾ ਖਵਾਨੀ ਬਾਜ਼ਾਰ ਦੇ ਢਾਕੀ ਨਲਬੰਦੀ ਇਲਾਕੇ ’ਚ ਸਥਿਤ ਸੌ ਸਾਲ ਪੁਰਾਣੀ ਕਪੂਰ ਹਵੇਲੀ ਲਗਾਤਾਰ ਮੀਂਹ ਕਾਰਨ ਕਮਜ਼ੋਰ ਹੋ ਗਈ ਹੈ ਅਤੇ ਤਿੰਨ ਅਪਰੈਲ ਨੂੰ ਆਏ ਭੂਚਾਲ ਨੇ ਇਸ ਦੇ ਪਹਿਲਾਂ ਹੀ ਕਮਜ਼ੋਰ ਢਾਂਚੇ ਨੂੰ ਹੋਰ ਖ਼ਸਤਾ ਹਾਲ ਕਰ ਦਿੱਤਾ ਹੈ। ਮੁਹੱਲਾ ਖ਼ੁਦਾਦਾਦ ਇਲਾਕੇ ਵਿੱਚ ਸਥਿਤ ਦਿਲੀਪ ਕੁਮਾਰ ਦਾ ਪੁਸ਼ਤੈਨੀ ਘਰ, ਜੋ ਕਦੇ ਜ਼ਿੰਦਗੀ ਤੇ ਰੌਣਕਾਂ ਨਾਲ ਗੁਲਜ਼ਾਰ ਸੀ, ਹੁਣ ਖੰਡਰ ਹੈ। ਇਹ ਖ਼ਾਸ ਪਿਸ਼ਾਵਰੀ ਇਮਾਰਤ ਹੈ। ਇਮਾਰਤ ਦੀ ਹਾਲਤ ਬੇਹੱਦ ਖ਼ਸਤਾ ਹੈ। ਕਈ ਕਮਰਿਆਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਅਤੇ ਹਰ ਮੀਂਹ ਨਾਲ ਕੰਧਾਂ ਢਹਿ ਕੇ ਮਲਬੇ ਵਿੱਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ। ਖ਼ੈਬਰ ਪਖ਼ਤੂਨਖ਼ਵਾ ਸਥਿਤ ਐੱਨ ਜੀ ਓ ‘ਕਲਚਰਲ ਹੈਰੀਟੇਜ ਕੌਂਸਲ’ ਦੇ ਸਕੱਤਰ ਸ਼ਕੀਲ ਵਹੀਦੁੱਲਾ ਨੇ ਦੱਸਿਆ ਕਿ ਸਰਕਾਰ ਇਤਿਹਾਸਕ ਥਾਵਾਂ ਦੀ ਸੰਭਾਲ ਦੀ ਥਾਂ ਉਨ੍ਹਾਂ ਢਾਂਚਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜੋ ਤੇਜ਼ੀ ਨਾਲ ਢਹਿ ਰਹੇ ਹਨ।

ਸੂਬਾ ਸਰਕਾਰ ਦੇ ਅਧਿਕਾਰੀ ਨੇ ਕਿਹਾ, ‘‘ਸਰਕਾਰ ਤੋਂ ਫੰਡਾਂ ਤੇ ਹੋਰ ਸਾਧਨਾਂ ਦੀ ਘਾਟ ਕਾਰਨ ਸੰਭਾਲ ਦਾ ਕੰਮ ਨਹੀਂ ਹੋ ਰਿਹਾ। ਸਰਕਾਰ ਦੋਵਾਂ ਇਤਿਹਾਸਕ ਇਮਾਰਤਾਂ ਨੂੰ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਨਾਮ ’ਤੇ ਅਜਾਇਬਘਰ ਵਿੱਚ ਬਦਲਣ ਲਈ ਗੰਭੀਰ ਹੈ।’’ ਰਾਜ ਕਪੂਰ ਦੀ ਹਵੇਲੀ ਨਾਲ ਦੁਕਾਨ ਚਲਾਉਣ ਵਾਲੇ ਆਬਿਦ ਹੁਸੈਨ ਨੇ ਕਿਹਾ, ‘‘ਪਿਛਲੇ ਮਹੀਨਿਆਂ ਵਿੱਚ ਭਾਰੀ ਮੀਂਹ ਤੇ ਤੇਜ਼ ਭੂਚਾਲ ਦੇ ਝਟਕਿਆਂ ਨੇ ਇਮਾਰਤ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ, ਜਿਸ ਕਰ ਕੇ ਇਸ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ, ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।’’

Share: