ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਰੱਖੜਾ ਬਰਖ਼ਾਸਤ

ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਰੱਖੜਾ ਬਰਖ਼ਾਸਤ

ਪਟਿਆਲਾ: ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਕੱਲ੍ਹ ਨੂੰ ‘ਆਪ’ ’ਚ ਸ਼ਮੂਲੀਅਤ ਯਕੀਨੀ ਹੋਣ ਦੇ ਨਾਲ ਹੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਆਦੇਸ਼ਾਂ ਦੀ ਦਲ ਦੇ ਮੁੱਖ ਬੁਲਾਰੇ ਜਗਜੀਤ ਸਿੰਘ ਕੋਹਲੀ (ਪਟਿਆਲਾ) ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਰੱਖੜਾ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੀਤ ਗਿਆ ਹੈ। ਇਸੇ ਦੌਰਾਨ ਸੁਰਜੀਤ ਸਿੰਘ ਰਂੱਖੜਾ ਦੀ ‘ਆਪ’ ’ਚ ਸ਼ਮੂਲੀਅਤ ਸਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਨੂੰ ਰਸਮੀ ਤੌਰ ’ਤੇ ‘ਆਪ’ ’ਚ ਸ਼ਾਮਲ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਬਾਅਦ ਦੁਪਹਿਰ 3 ਵਜੇ ਰੱਖੜਾ ਨਿਵਾਸ ’ਤੇ ਪੁੱਜਣਗੇ। ਰੱਖੜਾ ਦਾ ਤਰਕ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਹੀ ਅਕਾਲੀ ਦਲ ਨੂੰ ਛੱਡਿਆ ਤੇ ‘ਆਪ’ ਸਰਕਾਰ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਯਕੀਨੀ ਬਣਾਉਣ ਲਈ ਕਾਨੂੰਨ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਭਲਕ ਦੇ ਇਸ ਪ੍ਰੋਗਰਾਮ ਲਈ ਪਟਿਆਲਾ ਦੇ ਕੁਝ ਅਧਿਕਾਰੀਆਂ ਨੇ ਵੀ ਲਗਾਤਾਰ ਰੱਖੜਾ ਨਾਲ ਰਾਬਤਾ ਬਣਾਇਆ ਹੋਇਆ ਹੈ। ਇਥੋਂ ਤੱਕ ਅੱਜ ਫੇਰ ਇਥੋਂ ਦੇ ਕੁਝ ਅਧਿਕਾਰੀਆਂ ਨੇ ਕੱਲ੍ਹ ਦੇ ਇਸ ਪ੍ਰੋਗਰਾਮ ਸਬੰਧੀ ਰੱਖੜਾ ਦੇ ਨਾਲ ਮੀਟਿੰਗ ਵੀ ਕੀਤੀ ਹੈ।

Share: