AAP ਵੱਲੋਂ BJP ਦਫ਼ਤਰਾਂ ਅੱਗੇ ਮੁਜ਼ਾਹਰੇ

AAP ਵੱਲੋਂ BJP ਦਫ਼ਤਰਾਂ ਅੱਗੇ ਮੁਜ਼ਾਹਰੇ

ਚੰਡੀਗਡ਼੍ਹ: ਆਮ ਆਦਮੀ ਪਾਰਟੀ (ਆਪ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਪੰਜਾਬ ਵਿੱਚ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ‘ਆਪ’ ਵਰਕਰਾਂ ਨੇ ਸੂਬੇ ਭਰ ਵਿੱਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦਾ ਘਿਰਾਓ ਕੀਤਾ। ਉਨ੍ਹਾਂ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ’ਤੇ ਚੋਣਾਂ ਤੋਂ ਪਹਿਲਾਂ ਈ ਡੀ ਅਤੇ ਸੀ ਬੀ ਆਈ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ। ਦੂਜੇ ਪਾਸੇ ਪੰਜਾਬ ਵਿੱਚ ਕਈ ਥਾਵਾਂ ’ਤੇ ਭਾਜਪਾ ਵਰਕਰਾਂ ਨੇ ‘ਆਪ’ ਦੇ ਮੁਜ਼ਾਹਰਿਆਂ ਦਾ ਵਿਰੋਧ ਕੀਤਾ, ਜਿਸ ਕਰ ਕੇ ਸੂਬੇ ਵਿੱਚ ਤਿੰਨ ਥਾਵਾਂ ’ਤੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਵਾਲਾ ਮਾਹੌਲ ਬਣ ਗਿਆ। ਪੁਲੀਸ ਨੇ ਉਕਤ ਥਾਵਾਂ ’ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੀ ਅਗਵਾਈ ਹੇਠ ਬਲਾਚੌਰ ਵਿੱਚ ਵੱਡੀ ਗਿਣਤੀ ‘ਆਪ’ ਵਰਕਰ ਭਾਜਪਾ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਸਨ। ਇਸ ਦੌਰਾਨ ਡਾ. ਸੁੱਖੀ ਅਤੇ ਹੋਰ ‘ਆਪ’ ਆਗੂ ਭਾਜਪਾ ਦਫ਼ਤਰ ਵਿੱਚ ਦਾਖ਼ਲ ਹੋ ਗਏ, ਜਿਸ ਕਾਰਨ ਟਕਰਾਅ ਵਾਲਾ ਮਾਹੌਲ ਬਣ ਗਿਆ। ਇਸੇ ਤਰ੍ਹਾਂ ਬਠਿੰਡਾ ਅਤੇ ਲੁਧਿਆਣਾ ਵਿੱਚ ‘ਆਪ’ ਵਰਕਰਾਂ ਵੱਲੋਂ ਭਾਜਪਾ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦਾ ਭਾਜਪਾ ਵਰਕਰਾਂ ਨੇ ਵਿਰੋਧ ਕੀਤਾ। ਇਸ ਦੌਰਾਨ ਦੋਵਾਂ ਥਾਵਾਂ ’ਤੇ ‘ਆਪ’ ਤੇ ਭਾਜਪਾ ਵਰਕਰ ਆਹਮੋ-ਸਾਹਮਣੇ ਖੜ੍ਹੇ ਦਿਖਾਈ ਦਿੱਤੇ, ਜਿਸ ਕਰ ਕੇ ਟਕਰਾਅ ਵਾਲਾ ਮਾਹੌਲ ਬਣ ਗਿਆ। ਤਿੰਨਾਂ ਥਾਵਾਂ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਵੱਖ-ਵੱਖ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ‘ਆਪ’ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਵੱਲੋਂ ਹਮੇਸ਼ਾ ਚੋਣਾਂ ਤੋਂ ਪਹਿਲਾਂ ਸੂਬਿਆਂ ਵਿੱਚ ਈ ਡੀ, ਸੀ ਬੀ ਆਈ ਅਤੇ ਆਮਦਨ ਕਰ ਵਿਭਾਗ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਭਾਜਪਾ ਨੇ ਪਹਿਲਾਂ ਬੰਗਾਲ ਨੂੰ ਨਿਸ਼ਾਨਾ ਬਣਾਇਆ ਅਤੇ ਹੁਣ ਪੰਜਾਬ ’ਚ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਜਮਹੂਰੀ ਤਰੀਕੇ ਨਾਲ ਚੁਣੀਆਂ ਸਰਕਾਰਾਂ ਨੂੰ ਡਰਾ-ਧਮਕਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਹ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਹਰਾ ਨਹੀਂ ਸਕੀ। ਪੰਜਾਬ ਦੇ ਲੋਕ ਬਦਲਾਖ਼ੋਰੀ ਦੀ ਰਾਜਨੀਤੀ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਨੂੰ ਦੇਖ ਰਹੇ ਹਨ।

ਪਟਿਆਲਾ ਵਿੱਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਧਮਕੀਆਂ, ਛਾਪਿਆਂ ਅਤੇ ਜ਼ਬਰਦਸਤੀ ਦੇ ਦੁਆਲੇ ਘੁੰਮਦੀ ਹੈ। ਜਦੋਂ ‘ਆਪ’ ਨੇ ਕੇਂਦਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਪਹਿਲਾਂ ਪੰਜਾਬ ਦੇ ਰਾਜ ਸਭਾ ਮੈਂਬਰਾਂ ’ਤੇ ਦਬਾਅ ਪਾਇਆ ਅਤੇ ਬਾਅਦ ਵਿੱਚ ਕੈਬਨਿਟ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ। ਪੰਜਾਬ ਨੂੰ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਦੇ ਛਾਪਿਆਂ ਰਾਹੀਂ ਡਰਾਇਆ ਜਾ ਰਿਹਾ ਹੈ, ਪਰ ਪੰਜਾਬੀਆਂ ਵੱਲੋਂ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਛਾਪੇਮਾਰੀ ਕਿਉਂ ਬੰਦ ਹੋ ਗਈ? ਇਹ ਭਾਜਪਾ ਦਾ ਅਸਲੀ ਚਿਹਰਾ ਨੰਗਾ ਕਰਦਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਬਦਲਾਖ਼ੋਰੀ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਡਰਾਉਣ-ਧਮਕਾਉਣ ਅਤੇ ਬਦਲਾਖ਼ੋਰੀ ਦੀ ਰਾਜਨੀਤੀ ਰਾਹੀਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ।

ਸੰਜੀਵ ਅਰੋੜਾ ਦਾ 7 ਦਿਨਾ ਰਿਮਾਂਡ

ਗੁਰੂਗ੍ਰਾਮ: ਗੁਰੂਗ੍ਰਾਮ ਦੀ ਵਿਸ਼ੇਸ਼ ਪੀ ਐੱਮ ਐੱਲ ਏ ਕੋਰਟ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਕਥਿਤ 100 ਕਰੋੜ ਰੁਪਏ ਦੀ ਜੀ ਐੱਸ ਟੀ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਸੱਤ ਦਿਨਾ ਰਿਮਾਂਡ ਦੇ ਦਿੱਤਾ ਹੈ। ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਅਰੋੜਾ ਖ਼ਿਲਾਫ਼ ਲੱਗੇ ਦੋਸ਼ ‘ਬਹੁਤ ਗੰਭੀਰ’ ਹਨ ਤੇ ਪੈਸਿਆਂ ਦੇ ਲੈਣ ਦੇਣ ਬਾਰੇ ਪਤਾ ਕਰਨ ਲਈ ਕੈਬਨਿਟ ਮੰਤਰੀ ਤੋਂ ਪੁੱਛ ਪੜਤਾਲ ਜ਼ਰੂਰੀ ਹੈ। ਈ ਡੀ ਸ਼ਨਿੱਚਰਵਾਰ ਅੱਧੀ ਰਾਤੀਂ ਅਰੋੜਾ ਨੂੰ ਲੈ ਕੇ ਗੁਰੂਗ੍ਰਾਮ ਪਹੁੰਚੀ ਸੀ। ਕੈਬਨਿਟ ਮੰਤਰੀ ਨੂੰ ਸੈਸ਼ਨ ਕਮ ਵਿਸ਼ੇਸ਼ ਪੀ ਐੱਮ ਐੱਲ ਏ ਕੋਰਟ ਦੇ ਜੱਜ ਨਰੇਂਦਰ ਸੂਰਾ ਕੋਲ ਪੇਸ਼ ਕੀਤਾ ਗਿਆ। ਏਜੰਸੀ ਨੇ ਅਰੋੜਾ ਦਾ ਦਸ ਰੋਜ਼ਾ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ ਸੱਤ ਰੋਜ਼ਾ ਰਿਮਾਂਡ ਹੀ ਦਿੱਤਾ ਹੈ। ਅਰੋੜਾ ਵੱਲੋਂ ਪੇਸ਼ ਵਕੀਲ ਨੇ ਈ ਡੀ ਵੱਲੋਂ ਮੰਗੇ ਰਿਮਾਂਡ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਕੈਬਨਿਟ ਮੰਤਰੀ ਖ਼ਿਲਾਫ਼ ਲਾਏ ਦੋਸ਼ ‘ਝੂਠੇ ਤੇ ਬੇਬੁਨਿਆਦ’ ਹਨ ਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਤਫ਼ਤੀਸ਼ੀ ਅਧਿਕਾਰੀ ਨੇ ‘ਪਹਿਲੀ ਨਜ਼ਰੇ ਕੋਈ ਸਬੂਤ’ ਇਕੱਠੇ ਨਹੀਂ ਕੀਤੇ। ਈ ਡੀ ਨੇ ਸੰਜੀਵ ਅਰੋੜਾ ਨੂੰ ਉਸ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਛਾਪੇ ਮਗਰੋਂ ਸ਼ਨਿੱਚਰਵਾਰ ਸ਼ਾਮੀਂ ਗ੍ਰਿਫ਼ਤਾਰ ਕੀਤਾ ਸੀ। ਕੇਂਦਰੀ ਏਜੰਸੀ ਨੇ ਗੁਰੂਗ੍ਰਾਮ ਅਧਾਰਿਤ ਕੰਪਨੀ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ (ਐੱਚ ਐੱਸ ਆਰ ਐੱਲ) ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ। ਅਰੋੜਾ ਇਸ ਕੰਪਨੀ ਦਾ ਡਾਇਰੈਕਟਰ ਤੇ ਸ਼ੇਅਰਧਾਰਕ ਹੈ। ਉਂਜ ਕੰਪਨੀ ਨੇ ਸ਼ਨਿੱਚਰਵਾਰ ਨੂੰ ਜਾਰੀ ਬਿਆਨ ਵਿੱਚ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਕਾਨੂੰਨ ਵਿਵਸਥਾ ਵਿੱਚ ਭਰੋੋਸਾ ਹੈ ਤੇ ਉਹ ਅਥਾਰਿਟੀਜ਼ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ।

ਪੰਜਾਬ ਨੂੰ ਮਮਤਾ ਦਾ ਬੰਗਾਲ ਨਹੀਂ ਬਣਨ ਦਿਆਂਗੇ: ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਮਮਤਾ ਬੈਨਰਜੀ ਦੇ ਬੰਗਾਲ ਵਾਂਗ ਹਿੰਸਾ ਦਾ ਕੇਂਦਰ ਨਹੀਂ ਬਣਨ ਦੇਵੇਗੀ। ਉਨ੍ਹਾਂ ‘ਆਪ’ ਆਗੂਆਂ ਵੱਲੋਂ ਭਾਜਪਾ ਦਫ਼ਤਰਾਂ ਵਿੱਚ ਦਾਖ਼ਲ ਹੋ ਕੇ ਕੀਤੀ ਕਥਿਤ ਗੁੰਡਾਗਰਦੀ ਅਤੇ ਤੋੜ-ਫੋੜ ਦੀ ਸਖ਼ਤ ਨਿਖੇਧੀ ਕਰਦਿਆਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ ਦੀ ਚਿਤਾਵਨੀ ਦਿੱਤੀ। ‘ਆਪ’ ਵਿਧਾਇਕ ਸੁਖਵਿੰਦਰ ਸੁੱਖੀ ਨੇ ਪੁਲੀਸ ਦੀ ਮੌਜੂਦਗੀ ਵਿੱਚ ਭਾਜਪਾ ਦਫ਼ਤਰ ਅੰਦਰ ਵੜ ਕੇ ਜ਼ਿਲ੍ਹਾ ਪ੍ਰਧਾਨ ਨਾਲ ਕਥਿਤ ਕੁੱਟਮਾਰ ਕੀਤੀ, ਜੋ ਨੈਤਿਕ ਪਤਨ ਦੀ ਨਿਸ਼ਾਨੀ ਹੈ। ਵਿਰੋਧ ਕਰਨਾ ਸਭ ਦਾ ਹੱਕ ਹੈ ਪਰ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਭਾਜਪਾ ਦਫ਼ਤਰਾਂ ’ਤੇ ਕਥਿਤ ਹਮਲੇ ਕਰਨ ਤੇ ਗ਼ਲਤ ਰਵੱਈਆ ਅਖ਼ਤਿਆਰ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਇਸ ਸਬੰਧੀ ਨਵਾਂ ਸ਼ਹਿਰ ਦੇ ਐੱਸ ਐੱਸ ਪੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ‘ਆਪ’ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਜਮਹੂਰੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਨਾ ਤਾਂ ਪੰਜਾਬ ਖ਼ਤਰੇ ਵਿੱਚ ਹੈ ਅਤੇ ਨਾ ਹੀ ਜਮਹੂਰੀਅਤ, ਸਗੋਂ ‘ਆਪ’ ਦੀ ਭ੍ਰਿਸ਼ਟ ਪ੍ਰਣਾਲੀ ਖ਼ਤਰੇ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਕੌਮੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

Share: