ਤਲਵਾਡ਼ਾ: ਕਿਸੇ ਵੀ ਹੰਗਾਮੀ ਸਥਿਤੀ ’ਚ ਡੈਮ ਤੋਂ ਬਿਆਸ ਦਰਿਆ ਵਿਚ ਵਾਧੂ ਪਾਣੀ ਛੱਡਣ ਦੀ ਜਾਣਕਾਰੀ ਲੋਕਾਂ ਨੂੰ ਤੁਰੰਤ ਮਿਲੇਗੀ। ਇਸ ਲਈ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਬਿਆਸ ਦਰਿਆ ਦੇ ਕੰਢੇ ਅਗੇਤੀ ਚਿਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਹੈ ਜਿਸ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਵੱਲੋਂ ਕੀਤਾ ਗਿਆ। ਇਸ ਤਹਿਤ 6 ਚਿਤਾਵਨੀ ਸਿਸਟਮ ਲਗਾਏ ਹਨ। ਬਿਆਸ ਡੈਮ ਦੇ ਚੀਫ਼ ਇੰਜ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਪਹਿਲਾਂ ਹੰਗਾਮੀ ਸਥਿਤੀ ’ਚ ਪੌਂਗ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਦੀ ਸੂਰਤ ’ਚ ਬੋਰਡ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਪਿੰਡ ਜਾ ਕੇ ਲਾਉੂਡ ਸਪੀਕਰਾਂ ਰਾਹੀਂ ਲੋਕਾਂ ਸੁਚੇਤ ਕੀਤਾ ਜਾਂਦਾ ਸੀ। ਹੁਣ ਇਸ ਸਿਸਟਮ ਦੇ ਸਥਾਪਿਤ ਹੋਣ ਨਾਲ ਲੋਕਾਂ ਤੱਕ ਸੂਚਨਾ ਪਹੁੰਚਾਉਣੀ ਸੌਖੀ ਹੋ ਗਈ ਹੈ। ਚੀਫ਼ ਇੰਜ. ਗੁਪਤਾ ਨੇ ਦੱਸਿਆ ਕਿ ਸ਼ਾਹ ਨਹਿਰ ਬੈਰਾਜ (52 ਗੇਟ) ਤੋਂ ਮਿਰਥਲ ਤੱਕ ਕਰੀਬ 50 ਕਿਲੋਮੀਟਰ ਦੀ ਦੂਰੀ ਤੱਕ ਇਹ ਸਿਸਟਮ ਸਥਾਪਿਤ ਕੀਤੇ ਗਏ ਹਨ। ਇਹ ਚਿਤਾਵਨੀ ਸਿਸਟਮ ਆਬਾਦੀ ਦੇ ਨੇੜੇ ਲਗਾਏ ਗਏ ਹਨ। ਉਨ੍ਹਾਂ ਆਪਣੀ ਟੀਮ ਨਾਲ ਇਨ੍ਹਾਂ ਚਿਤਾਵਨੀ ਸਿਸਟਮ ਦਾ ਸਾਈਟ ’ਤੇ ਜਾ ਕੇ ਨਿਰੀਖਣ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਿਗਰਾਨ ਇੰਜ. ਮਨਵੀਨ ਚੌਧਰੀ, ਕਾਰਜਕਾਰੀ ਇੰਜ. ਵਿਨੈ ਕੁਮਾਰ, ਐੱਸ ਡੀ ਓ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
Posted inHoshiarpur
ਬਿਆਸ ਦਰਿਆ ਕੰਢੇ ਚਿਤਾਵਨੀ ਸਿਸਟਮ ਲਾਇਆ

