ਮੁੰਬਈ: ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਅਮਰੀਕਾ-ਇਰਾਨ ਸ਼ਾਂਤੀ ਵਾਰਤਾ ਦੇ ਬੇਸਿੱਟਾ ਰਹਿਣ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਅਤੇ ਰੁਪਏ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 49 ਪੈਸੇ ਦੀ ਵੱਡੀ ਗਿਰਾਵਟ ਨਾਲ 93.32 ਦੇ ਪੱਧਰ ’ਤੇ ਪਹੁੰਚ ਗਿਆ। ਦੂਜੇ ਪਾਸੇ, ਨਿਵੇਸ਼ਕਾਂ ਵਿੱਚ ਫੈਲੀ ਘਬਰਾਹਟ ਕਾਰਨ ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1600 ਅੰਕਾਂ ਤੋਂ ਵੱਧ ਪਛੜ ਗਿਆ । ਬਾਜ਼ਾਰ ਮਾਹਿਰਾਂ ਅਨੁਸਾਰ, ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰਨ ਦੇ ਐਲਾਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ 7.28 ਫੀਸਦੀ ਦਾ ਭਾਰੀ ਉਛਾਲ ਦੇਖਿਆ ਗਿਆ ਹੈ, ਜਿਸ ਨਾਲ ਬ੍ਰੈਂਟ ਕਰੂਡ 102.13 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਇਸ ਕਾਰਨ ਭਾਰਤੀ ਅਰਥਵਿਵਸਥਾ ’ਤੇ ਦਬਾਅ ਵਧਣ ਦੇ ਖਦਸ਼ੇ ਜਤਾਏ ਜਾ ਰਹੇ ਹਨ।
ਬਾਜ਼ਾਰ ਦਾ ਹਾਲ:
- ਸੈਂਸੈਕਸ: 1600.73 ਅੰਕ ਡਿੱਗ ਕੇ 75,949.52 ’ਤੇ ਆਇਆ।
- ਨਿਫਟੀ: 468.85 ਅੰਕਾਂ ਦੀ ਗਿਰਾਵਟ ਨਾਲ 23,581.75 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।
- ਰੁਪਿਆ: ਪਿਛਲੇ ਬੰਦ 92.83 ਦੇ ਮੁਕਾਬਲੇ ਡਿੱਗ ਕੇ 93.32 ’ਤੇ ਪਹੁੰਚਿਆ।
ਪਾਕਿਸਤਾਨ ਵਿੱਚ ਹੋਈ 21 ਘੰਟਿਆਂ ਦੀ ਇਤਿਹਾਸਕ ਅਮਰੀਕਾ-ਇਰਾਨ ਗੱਲਬਾਤ ਦੇ ਨਾਕਾਮ ਰਹਿਣ ਨਾਲ ਜੰਗ ਲੰਬੀ ਖਿੱਚਣ ਦੇ ਡਰ ਨੇ ਵਿਸ਼ਵ ਭਰ ਦੇ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ। ਹੋਰਮੂਜ਼ ਜਲਡਮਰੂ (Strait of Hormuz) ਦੇ ਰਸਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਖਦਸ਼ੇ ਨੇ ਭਾਰਤੀ ਬਾਜ਼ਾਰ ਵਿੱਚੋਂ ਵਿਦੇਸ਼ੀ ਪੂੰਜੀ ਦੀ ਨਿਕਾਸੀ ਤੇਜ਼ ਕਰ ਦਿੱਤੀ ਹੈ।
ਏਸ਼ੀਆਈ ਵਿਕਾਸ ਬੈਂਕ (ADB) ਦੀ ਚੇਤਾਵਨੀ
ਏਸ਼ੀਆਈ ਵਿਕਾਸ ਬੈਂਕ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੱਧ ਪੂਰਬ ਵਿੱਚ ਸੰਘਰਸ਼ ਲੰਬਾ ਚੱਲਦਾ ਹੈ, ਤਾਂ ਇਸ ਦਾ ਅਸਰ ਭਾਰਤ ਦੀ ਜੀਡੀਪੀ ਵਿਕਾਸ ਦਰ ‘ਤੇ ਪੈ ਸਕਦਾ ਹੈ। ਹਾਲਾਂਕਿ, ਬੈਂਕ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ 6.9 ਫੀਸਦੀ ਰਹਿਣ ਦੀ ਉਮੀਦ ਜਤਾਈ ਹੈ।

