ਕਸੌਲੀ ਦੀ ਹੈਰੀਟੇਜ ਮਾਰਕਿਟ ਵਿੱਚ ਲੱਗੀ ਅੱਗ

ਕਸੌਲੀ ਦੀ ਹੈਰੀਟੇਜ ਮਾਰਕਿਟ ਵਿੱਚ ਲੱਗੀ ਅੱਗ

ਸੋਲਨ: ਕਸੌਲੀ ਸ਼ਹਿਰ ਦੇ ਵਿਰਾਸਤੀ (ਹੈਰੀਟੇਜ) ਬਾਜ਼ਾਰ ਵਿੱਚ ਸੋਮਵਾਰ ਤੜਕੇ ਲੱਗੀ ਅੱਗ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਇੱਕ ਦੁਕਾਨ ਵਿੱਚ ਐੱਲ ਪੀ ਜੀ (LPG) ਸਿਲੰਡਰ ਵਿੱਚ ਹੋਏ ਧਮਾਕੇ ਕਾਰਨ ਲੱਗੀ ਅਤੇ ਜਲਦੀ ਹੀ ਆਲੇ-ਦੁਆਲੇ ਦੀਆਂ ਦੁਕਾਨਾਂ ਤੱਕ ਫੈਲ ਗਈ। ਮੁਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਤਿੰਨ ਰੈਸਟੋਰੈਂਟਾਂ ਅਤੇ ਇੱਕ ਦਵਾਈਆਂ ਦੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਇੱਕ ਤੋਂ ਬਾਅਦ ਇੱਕ ਕਈ ਐੱਲ ਪੀ ਜੀ ਸਿਲੰਡਰ ਫਟ ਗਏ, ਜਿਸ ਨਾਲ ਅੱਗ ਹੋਰ ਭੜਕ ਗਈ।

ਲਗਾਤਾਰ ਫੈਲ ਰਹੀ ਅੱਗ ਬੁਝਾਉਣ ਦੇ ਕੰਮ ਵਿੱਚ ਮਦਦ ਲਈ ਨੇੜਲੇ ਇਲਾਕੇ ਪਰਵਾਣੂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਹਨ।

ਇੱਕ ਸਥਾਨਕ ਵਪਾਰੀ ਨਿਤਿਨ ਸਾਹੂ ਨੇ ਦੱਸਿਆ ਕਿ ਵਪਾਰੀ ਆਪਣਾ ਸਾਮਾਨ ਬਚਾਉਣ ਦੀ ਕੋਸ਼ਿਸ਼ ਵਿੱਚ ਮੌਕੇ ‘ਤੇ ਪਹੁੰਚੇ ਪਰ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਨਹੀਂ ਪਹੁੰਚੀਆਂ ਸਨ।

ਅੱਗ ਕਰਕੇ ਦੂਰੋਂ ਹੀ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਜਾ ਸਕਦੇ ਸਨ। ਫਿਲਹਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।

Share: