Israel- Lebanon 10 ਦਿਨਾ ਜੰਗਬੰਦੀ ਲਈ ਰਾਜ਼ੀ

Israel- Lebanon 10 ਦਿਨਾ ਜੰਗਬੰਦੀ ਲਈ ਰਾਜ਼ੀ

ਕਾਹਿਰਾ/ਦੁਬਈ/ਵਾਸ਼ਿੰਗਟਨ: ਇਜ਼ਰਾਈਲ ਤੇ ਲੈਬਨਾਨ ਅੱਜ ਤੋਂ ਦਸ ਦਿਨਾ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਸਮਝੌਤਾ ਈਸਟਰਨ ਸਮੇਂ ਮੁਤਾਬਕ ਸ਼ਾਮੀਂ ਪੰਜ ਵਜੇ (ਭਾਰਤੀ ਸਮੇਂ ਅਨੁਸਾਰ ਤੜਕੇ ਢਾਈ ਵਜੇ) ਤੋਂ ਅਮਲ ਵਿੱਚ ਆ ਗਿਆ ਹੈ।

ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਜੰਗਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਲੈਬਨਾਨੀ ਰਾਸ਼ਟਰਪਤੀ ਜੋਸਫ ਆਊਨ ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ‘ਸ਼ਾਨਦਾਰ’ ਗੱਲਬਾਤ ਤੋਂ ਬਾਅਦ ਇਹ ਸੰਭਵ ਹੋਇਆ। ਲੈਬਨਾਨ ਤੇ ਇਜ਼ਰਾਈਲ ਨੇ ਕਈ ਦਹਾਕਿਆਂ ਮਗਰੋਂ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਪਹਿਲੀ ਸਿੱਧੀ ਕੂਟਨੀਤਕ ਗੱਲਬਾਤ ਕੀਤੀ ਸੀ। ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਉਪ ਰਾਸ਼ਟਰਪਤੀ ਜੇ ਡੀ ਵੈਂਸ ਤੇ ਹੋਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਸ਼ਾਂਤੀ ਸਮਝੌਤੇ ਲਈ ਇਜ਼ਰਾਈਲ ਤੇ ਲੈਬਨਾਨ ਨਾਲ ਮਿਲ ਕੇ ਕੰਮ ਕਰਨ। ਇਸ ਤੋਂ ਪਹਿਲਾਂ ਲੈਬਨਾਨੀ ਰਾਸ਼ਟਰਪਤੀ ਜੋਸਫ਼ ਆਊਨ ਨੇ ਫੋਨ ਕਰਕੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਜੰਗਬੰਦੀ ਸਮਝੌਤਾ ਸਿਰੇ ਚਾੜ੍ਹਨ ਦੀ ਅਪੀਲ ਕੀਤੀ ਸੀ। ਉਂਜ ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਆਗੂਆਂ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ ਸੀ। ਦੱਸ ਦੇਈਏ ਕਿ ਆਊਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਫੋਨ ਕਾਲ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਂਜ ਉਨ੍ਹਾਂ ਜੰਗਬੰਦੀ ਸਮਝੌਤੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਆਊਨ ਤੇ ਨੇਤਨਯਾਹੂ ਨੇ ਪਿਛਲੇ ਕਰੀਬ 34 ਸਾਲਾਂ ਤੋਂ ਇਕ ਦੂਜੇ ਨਾਲ ਗੱਲਬਾਤ ਨਹੀਂ ਕੀਤੀ।

ਉਧਰ ਅਮਰੀਕਾ ਤੇ ਇਰਾਨ ਦੇ ਵਾਰਤਾਕਾਰ ਟਕਰਾਅ ਰੋਕਣ ਲਈ ਵਿਆਪਕ ਸ਼ਾਂਤੀ ਸਮਝੌਤੇ ਦੀ ਥਾਂ ਹੁਣ ਅਸਥਾਈ ਮੈਮੋਰੰਡਮ ਦੀ ਮੰਗ ਕਰਨ ਲੱਗੇ ਹਨ। ਪਿਛਲੇ ਹਫ਼ਤੇ ਬੇਸਿੱਟਾ ਰਹੀ ਗੱਲਬਾਤ ਮਗਰੋਂ ਦੋਵਾਂ ਧਿਰਾਂ ਦੇ ਰੁਖ਼ ’ਚ ਤਬਦੀਲੀ ਆਈ ਹੈ; ਹਾਲਾਂਕਿ ਸੋਧੇ ਹੋਏ ਯੂਰੇਨੀਅਮ ਦੇ ਭੰਡਾਰਾਂ ਤੇ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੁੱਦੇ ਉੱਤੇ ਦੋਵਾਂ ਧਿਰਾਂ ’ਚ ਜਮੂਦ ਬਰਕਰਾਰ ਹੈ। ਸੀਨੀਅਰ ਇਰਾਨੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਵਖਰੇਵੇਂ ਘਟਾਉਣ ਦਾ ਕੰਮ ਸ਼ੁਰੂ ਕੀਤਾ ਹੈ ਜਿਸ ਵਿੱਚ ਹਰਮੁਜ਼ ਜਲ ਮਾਰਗ ਦੇ ਪ੍ਰਬੰਧਨ ਦਾ ਮਾਮਲਾ ਵੀ ਸ਼ਾਮਲ ਹੈ। ਇਸ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਇਰਾਨ ਨੂੰ ਸਮਝੌਤਾ ਕਰਨ ਦੀ ਅਪੀਲ ਕੀਤੀ ਹੈ। ਪੈਂਟਾਗਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਖ਼ੀਰ ’ਚ ਉਨ੍ਹਾਂ ਨੂੰ ਗੱਲਬਾਤ ਦੀ ਮੇਜ਼ ਉੱਤੇ ਆ ਕੇ ਸਮਝੌਤਾ ਕਰਨਾ ਹੀ ਹੋਵੇਗਾ।’’

ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਰਾਨ, ਜੋ ਪਿਛਲੇ ਕੁਝ ਸਾਲਾਂ ਤੋਂ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹਾ ਮੈਮੋਰੰਡਮ ਚਾਹੁੰਦਾ ਹੈ ਜਿਸ ਵਿੱਚ ਹਰਮੁਜ਼ ਜਲ ਮਾਰਗ ਖੋਲ੍ਹਣ ਬਦਲੇ ਇਰਾਨ ਦੇ ਅਸਾਸਿਆਂ (ਫੰਡਾਂ) ਉੱਤੇ ਲੱਗੀ ਪਾਬੰਦੀ ਹਟਾਉਣ ਦੀ ਸ਼ਰਤ ਸ਼ਾਮਲ ਹੋਵੇ। ਤਹਿਰਾਨ ਵੱਲੋਂ ਜਾਣਕਾਰੀ ਰੱਖਦੇ ਸੂਤਰ ਨੇ ਬੁੱਧਵਾਰ ਨੂੰ ਕਿਹਾ ਕਿ ਇਰਾਨ, ਅਮਰੀਕਾ ਨਾਲ ਗੱਲਬਾਤ ਵਿੱਚ ਰੱਖੀਆਂ ਗਈਆਂ ਤਜਵੀਜ਼ਾਂ ਤਹਿਤ (ਟਿਕਾਊ ਸਮਝੌਤਾ ਹੋਣ ਦੀ ਸੂਰਤ ’ਚ) ਬੇੜਿਆਂ ਨੂੰ ਹਮਲੇ ਦੇ ਜੋਖਮ ਤੋਂ ਬਿਨਾਂ ਹਰਮੁਜ਼ ਜਲ ਮਾਰਗ ਦੇ ਓਮਾਨੀ ਪਾਸੇ ਤੋਂ ਆ਼ਜ਼ਾਦਾਨਾ ਤੌਰ ’ਤੇ ਯਾਤਰਾ ਕਰਨ ਦੀ ਇਜਾਜ਼ਤ ਦੇ ਸਕਦਾ ਹੈ।

ਦੂਜੇ ਗੇੜ ਦੀ ਗੱਲਬਾਤ ਲਈ ਅਜੇ ਤਰੀਕ ਤੈਅ ਨਹੀਂ: ਪਾਕਿਸਤਾਨ

ਇਸਲਾਮਾਬਾਦ: ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਤੇ ਇਰਾਨ ਦਰਮਿਆਨ ਦੂਜੇ ਗੇੜ ਦੀ ਗੱਲਬਾਤ ਲਈ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਹੋਈ। ਵਿਦੇਸ਼ ਦਫ਼ਤਰ ਦੇ ਤਰਜਮਾਨ ਤਾਹਿਰ ਅੰਦਰਾਬੀ ਨੇ ਕਿਹਾ, ‘‘ਦੂਜੇ ਗੇੜ ਦੀ ਗੱਲਬਾਤ ਲਈ ਆਉਣ ਵਾਲੇ ਵਫ਼ਦ ਵਿੱਚ ਕੌਣ ਸ਼ਾਮਲ ਹੋਵੇਗਾ, ਵਫ਼ਦ ਕਿੰਨਾ ਵੱਡਾ ਹੋਵੇਗਾ, ਕੌਣ ਰੁਕੇਗਾ ਤੇ ਕੌਣ ਜਾਵੇਗਾ… ਇਹ ਫ਼ੈਸਲਾ ਦੋਵਾਂ ਧਿਰਾਂ ਨੇ ਲੈਣਾ ਹੈ।’’ ਉਂਝ, ਅੰਦਰਾਬੀ ਨੇ ਕਿਹਾ ਕਿ ਦੋਵਾਂ ਧਿਰਾਂ ’ਚ ਹੋਣ ਵਾਲੀ ਤਜਵੀਜ਼ਤ ਗੱਲਬਾਤ ਵਿੱਚ ਪਰਮਾਣੂ ਮਸਲਾ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ, ‘‘ਅਸੀਂ ਗੱਲਬਾਤ ’ਚ ਸ਼ਾਮਲ ਤਹਿਰਾਨ ਤੇ ਹੋਰਨਾਂ ਧਿਰਾਂ ਦੇ ਸਟੈਂਡ ਬਾਰੇ ਟਿੱਪਣੀ ਨਹੀਂ ਕਰਾਂਗੇ। ਇਹ ਦੋਵਾਂ ਧਿਰਾਂ ਵੱਲੋਂ ਸਾਡੇ ’ਤੇ ਦਿਖਾਏ ਇਤਬਾਰ ਦਾ ਹਿੱਸਾ ਹੈ।’’ ਪਾਕਿਸਤਾਨ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਦੀ ਅਗਵਾਈ ਵਾਲੇ ਉੱਚ ਪੱਧਰੀ ਵਫ਼ਦ ਨੇ ਵੀਰਵਾਰ ਸਵੇਰੇ ਤਹਿਰਾਨ ਵਿੱਚ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨਾਲ ਮੁਲਾਕਾਤ ਕੀਤੀ ਹੈ। ਇਹ ਵਫ਼ਦ ਵਾਸ਼ਿੰਗਟਨ ਦਾ ਸੁਨੇਹਾ ਲੈ ਕੇ ਲੰਘੇ ਦਿਨ ਤਹਿਰਾਨ ਪੁੱਜਾ ਸੀ।

Share: