ਲੰਡਨ: ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (ਬੀ ਬੀ ਸੀ) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਅਗਲੇ ਦੋ ਸਾਲਾਂ ਵਿੱਚ 2000 ਨੌਕਰੀਆਂ ’ਚ ਕਟੌਤੀ ਦੀ ਯੋਜਨਾ ਹੈ ਤਾਂ ਕਿ 50 ਕਰੋੜ ਪੌਂਡ (67.7 ਕਰੋੜ ਡਾਲਰ) ਦੇ ਸਾਲਾਨਾ ਬਜਟ ਦਾ 10 ਫ਼ੀਸਦ ਬਚਾਇਆ ਜਾ ਸਕੇ। ਯੂ ਕੇ ਦੇ ਕੌਮੀ ਬਰੌਡਕਾਸਟਰ ਨੇ ਕਟੌਤੀ ਦਾ ਐਲਾਨ ਸਟਾਫ਼ ਨਾਲ ਗੱਲਬਾਤ ਮਗਰੋਂ ਕੀਤਾ ਹੈ। ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ’ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ।
ਅੰਤਰਿਮ ਡਾਇਰੈਕਟਰ ਜਨਰਲ ਰੋਡਰੀ ਟੈਲਫਨ ਡੈਵਿਸ ਨੇ ਸਟਾਫ ਨੂੰ ਭੇਜੀ ਈਮੇਲ ’ਚ ਕਿਹਾ, ‘‘ਮੈਨੂੰ ਪਤਾ ਹੈ ਕਿ ਇਸ ਫ਼ੈਸਲੇ ਨਾਲ ਸੱਚਮੁੱਚ ਬੇਯਕੀਨੀ ਦਾ ਮਾਹੌਲ ਬਣੇਗਾ, ਪਰ ਅਸੀਂ ਇਸ ਚੁਣੌਤੀ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਸੀ।’’ ਡੈਵਿਸ ਨੇ ਕਿਹਾ ਕਿ ਇਹ ਕਟੌਤੀਆਂ ਮਹਿੰਗਾਈ, ਲਾਇਸੈਂਸ ਫੀਸ ਅਤੇ ਵਪਾਰਕ ਆਮਦਨ ਦੇ ਦਬਾਅ ਅਤੇ ਅਸ਼ਾਂਤ ਆਲਮੀ ਅਰਥਚਾਰੇ ਕਾਰਨ ਹੋਈਆਂ ਹਨ। ਬੀ ਬੀ ਸੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਸ ਨੂੰ ‘ਵੱਡੇ ਵਿੱਤੀ ਦਬਾਅ’ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਉਹ 2029 ਤੱਕ ਆਪਣੇ ਬਜਟ ਦਾ 10ਵਾਂ ਹਿੱਸਾ ਘਟਾਉਣ ਬਾਰੇ ਵਿਚਾਰ ਕਰ ਰਿਹਾ ਹੈ। ਨੌਕਰੀਆਂ ’ਚ ਵੱਡੀ ਕਟੌਤੀ 1 ਅਪਰੈਲ 2027 ਤੋਂ ਸ਼ੁਰੂ ਹੋਣ ਵਾਲੇ ਅਗਲੇ ਮਾਲੀ ਸਾਲ ਤੋਂ ਕੀਤੀ ਜਾਵੇਗੀ। ਇਹ ਫ਼ੈਸਲਾ ਅਜਿਹੇ ਮੌਕੇ ਲਿਆ ਗਿਆ ਹੈ ਜਦੋਂ ਗੂਗਲ ਦਾ ਸਾਬਕਾ ਕਾਰਜਕਾਰੀ ਮੈਟ ਬ੍ਰਿਟਿਨ ਅਗਲੇ ਮਹੀਨੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਰਿਹਾ ਹੈ।

