ਬੰਗਲੁਰੂ: ਰੌਇਲ ਚੈਲੰਜਰਜ਼ ਬੰਗਲੁਰੂ ਨੇ ਆਪਣੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਵਿੱਚ IPL 2026 ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕੀਤਾ। ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਖੇਡਦਿਆਂ ਬੰਗਲੁਰੂ ਦੀ ਟੀਮ ਨੇ ਵੀਹ ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ’ਤੇ 250 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਚੇਨਈ ਦੀ ਟੀਮ 207 ਦੌੜਾਂ ਹੀ ਬਣਾ ਸਕੀ ਤੇ ਬੰਗਲੁਰੂ ਨੇ ਮੈਚ 43 ਦੌੜਾਂ ਨਾਲ ਜਿੱਤ ਲਿਆ।
ਬੰਗਲੁਰੂ ਦੀ ਟੀਮ ਵੱਲੋਂ ਟਿਮ ਡੇਵਿਡ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 25 ਗੇਂਦਾਂ ਵਿੱਚ 8 ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਰਜਤ ਨੇ 48 ਅਤੇ ਦੇਵਦੱਤ ਨੇ 50 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਜਵਾਬੀ ਪਾਰੀ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ 17 ਓਵਰਾਂ ਬਾਅਦ 8 ਵਿਕਟਾਂ ਗੁਆ ਕੇ 180 ਦੌੜਾਂ ਹੀ ਬਣਾ ਸਕੀ ਸੀ। ਚੇਨਈ ਵੱਲੋਂ ਪ੍ਰਸ਼ਾਂਤ ਵੀਰ 43 ਦੌੜਾਂ ਬਣਾ ਕੇ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ ਕੈਚ ਆਊਟ ਹੋਏ। ਟੀਮ ਦੇ ਹੋਰ ਬੱਲੇਬਾਜ਼ਾਂ ਵਿੱਚੋਂ ਜੈਮੀ ਓਵਰਟਨ ਨੇ 37 ਅਤੇ ਸ਼ਿਵਮ ਦੂਬੇ ਨੇ 18 ਦੌੜਾਂ ਬਣਾਈਆਂ ਜਦਕਿ ਕਪਤਾਨ ਰਿਤੂਰਾਜ ਗਾਇਕਵਾੜ ਸਿਰਫ਼ 7 ਦੌੜਾਂ ਬਣਾ ਕੇ ਹੀ ਪੈਵੇਲੀਅਨ ਪਰਤ ਗਏ। ਬੰਗਲੁਰੂ ਦੀ ਗੇਂਦਬਾਜ਼ੀ ਵਿੱਚ ਜੈਕਬ ਡਫੀ ਅਤੇ ਕਰੁਣਾਲ ਪਾਂਡਿਆ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਭੁਵਨੇਸ਼ਵਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।

