ਲੁਧਿਆਣਾ ’ਚ ਨੌਜਵਾਨ ਨੂੰ ‘ਤਾਲਿਬਾਨੀ’ ਸਜ਼ਾ, ਖੰਭੇ ਨਾਲ ਬੰਨ੍ਹ ਕੇ ਕੁੱਟਿਆ ਤੇ ਸਿਰ ਮੁੰਨ ਕੇ ਕੱਢਿਆ ਜਲੂਸ

ਲੁਧਿਆਣਾ: ਸਨਅਤੀ ਸ਼ਹਿਰ ਦੇ ਨੂਰਵਾਲਾ ਰੋਡ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਲੋਕਾਂ ਨੇ ਚੋਰੀ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ‘ਤਾਲਿਬਾਨੀ’ ਅੰਦਾਜ਼ ਵਿੱਚ ਸਜ਼ਾ ਦਿੱਤੀ। ਭੀੜ ਨੇ ਨੌਜਵਾਨ ਨੂੰ ਨਾ ਸਿਰਫ਼ ਬੁਰੀ ਤਰ੍ਹਾਂ ਕੁੱਟਿਆ, ਸਗੋਂ ਉਸ ਦਾ ਸਿਰ ਮੁੰਨ ਕੇ ਪੂਰੇ ਇਲਾਕੇ ਵਿੱਚ ਉਸ ਦਾ ਜਲੂਸ ਵੀ ਕੱਢਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸ਼ਹਿਰ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ।h

ਪੁਲੀਸ ਕਮਿਸ਼ਨਰ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਜੋਧੇਵਾਲ ਥਾਣੇ ਦੀ ਪੁਲੀਸ ਨੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਨਾਗਰਿਕ ਨੂੰ ਕਾਨੂੰਨ ਦੀ ਉਲੰਘਣਾ ਕਰਨ ਜਾਂ ਕਿਸੇ ਨੂੰ ਨਿੱਜੀ ਤੌਰ ’ਤੇ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ।

ਕੀ ਸੀ ਪੂਰਾ ਮਾਮਲਾ?

ਜਾਣਕਾਰੀ ਅਨੁਸਾਰ ਇਲਾਕਾ ਨਿਵਾਸੀਆਂ ਨੇ ਨੌਜਵਾਨ ਨੂੰ ਚੋਰੀ ਕਰਦੇ ਫੜਨ ਦਾ ਦਾਅਵਾ ਕੀਤਾ ਸੀ। ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਸੀ। ਪੁਲੀਸ ਨੂੰ ਸੂਚਿਤ ਕਰਨ ਦੀ ਬਜਾਏ, ਭੀੜ ਨੇ ਨੌਜਵਾਨ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਦਾ ਸਿਰ ਮੁੰਨ ਦਿੱਤਾ ਗਿਆ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ, ਜੋ ਬਾਅਦ ਵਿੱਚ ਜਨਤਕ ਹੋ ਗਈ।

ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਇਲਾਕੇ ਦੀਆਂ ਗਲੀਆਂ ਵਿੱਚ ਘੁਮਾਇਆ ਜਾ ਰਿਹਾ ਹੈ ਅਤੇ ਲੋਕ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਵੀ ਕਾਨੂੰਨ ਨੂੰ ਟੰਗਣ ਦੀ ਹਿੰਮਤ ਨਾ ਕਰ ਸਕੇ।

Share: