ਕਰਨਾਲ: ਪਹਿਲਗਾਮ ਵਿੱਚ ਹੋਏ ਉਸ ਭਿਆਨਕ ਅਤਿਵਾਦੀ ਹਮਲੇ ਨੂੰ ਇੱਕ ਸਾਲ ਬੀਤ ਚੁੱਕਾ ਹੈ, ਜਿਸ ਵਿੱਚ ਲੈਫਟੀਨੈਂਟ ਵਿਨੈ ਨਰਵਾਲ ਸਮੇਤ 26 ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਕਰਨਾਲ ਸਥਿਤ ਸ਼ਹੀਦ ਦੇ ਘਰ ਅੱਜ ਵੀ ਚੁੱਪ ਪਸਰੀ ਹੋਈ ਹੈ, ਪਰ ਪਰਿਵਾਰ ਨੇ ਆਪਣੇ ਹੰਝੂਆਂ ਨੂੰ ਲੋਕ ਸੇਵਾ ਦੀ ਸ਼ਕਤੀ ਵਿੱਚ ਬਦਲਣ ਦਾ ਅਹਿਦ ਲਿਆ ਹੈ। 22 ਅਪਰੈਲ 2025 ਦੀ ਉਹ ਕਾਲੀ ਘੜੀ ਨਰਵਾਲ ਪਰਿਵਾਰ ਲਈ ਅਜਿਹਾ ਜ਼ਖ਼ਮ ਦੇ ਗਈ ਹੈ, ਜੋ ਕਦੇ ਨਹੀਂ ਭਰ ਸਕਦਾ। ਸ਼ਹੀਦ ਦੀ ਮਾਤਾ ਆਸ਼ਾ ਨਰਵਾਲ ਪੁੱਤਰ ਦੇ ਵਿਛੋੜੇ ਕਾਰਨ ਲਗਾਤਾਰ ਬਿਮਾਰ ਰਹਿ ਰਹੇ ਹਨ, ਪਰ ਪਰਿਵਾਰ ਦਾ ਮੰਨਣਾ ਹੈ ਕਿ ਵਿਨੈ ਦੀ ਸ਼ਹਾਦਤ ਸਿਰਫ਼ ਉਨ੍ਹਾਂ ਦਾ ਨਿੱਜੀ ਨੁਕਸਾਨ ਨਹੀਂ, ਸਗੋਂ ਪੂਰੇ ਦੇਸ਼ ਦੀ ਤ੍ਰਾਸਦੀ ਹੈ।
ਰਾਜੇਸ਼ ਨਰਵਾਲ ਸ਼ਹੀਦ ਵਿਨੈ ਦੇ ਪਿਤਾ ਰਾਜੇਸ਼ ਨਰਵਾਲ ਨੇ ਭਰੇ ਮਨ ਨਾਲ ਆਪਣੇ ਪੁੱਤਰ ਦੇ ਬਚਪਨ ਨੂੰ ਯਾਦ ਕਰਦਿਆਂ ਦੱਸਿਆ ਕਿ ਵਿਨੈ ਨੇ ਉਨ੍ਹਾਂ ਦੀ ਉਂਗਲ ਫੜ ਕੇ ਚੱਲਣਾ ਸਿੱਖਿਆ ਸੀ। ਉਨ੍ਹਾਂ ਕਿਹਾ, “ ਇੱਕ ਪਿਤਾ ਲਈ ਇਸ ਤੋਂ ਵੱਡਾ ਦੁੱਖ ਕੀ ਹੋਵੇਗਾ ਕਿ ਉਸਦਾ ਜਵਾਨ ਪੁੱਤ ਉਸ ਤੋਂ ਪਹਿਲਾਂ ਚਲਾ ਜਾਵੇ। ਉਹ ਸਾਡੇ ਸਾਹਾਂ ਵਿੱਚ ਵੱਸਦਾ ਹੈ।” ਰਾਜੇਸ਼ ਨਰਵਾਲ ਨੇ ਸਰਕਾਰ ਵੱਲੋਂ ਚਲਾਏ ਗਏ ‘ਅਪਰੇਸ਼ਨ ਸਿੰਧੂਰ’ ਅਤੇ ‘ਅਪਰੇਸ਼ਨ ਮਹਾਦੇਵ’ ਦੀ ਸ਼ਲਾਘਾ ਤਾਂ ਕੀਤੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਇਨਸਾਫ਼ ਉਦੋਂ ਹੀ ਮਿਲੇਗਾ ਜਦੋਂ ਦੁਨੀਆ ਵਿੱਚੋਂ ਅਤਿਵਾਦ ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ।
ਅਧੂਰੇ ਰਹਿ ਗਏ ਜ਼ਿੰਦਗੀ ਦੇ ਚਾਅ
ਵਿਨੈ ਦੀ ਸ਼ਹਾਦਤ ਨੇ ਪਰਿਵਾਰ ਦੀ ਜੀਵਨ ਸ਼ੈਲੀ ਬਦਲ ਕੇ ਰੱਖ ਦਿੱਤੀ ਹੈ। ਪਿਤਾ ਨੇ ਦੱਸਿਆ ਕਿ ਵਿਨੈ ਦੇ ਵਿਆਹ ਲਈ ਉਨ੍ਹਾਂ ਨੇ 30 ਤੋਂ ਵੱਧ ਕੰਮਾਂ ਦੀ ਸੂਚੀ ਬਣਾਈ ਸੀ, ਪਰ ਹੁਣ ਉਨ੍ਹਾਂ ਕੰਮਾਂ ਨੂੰ ਕਰਨ ਦਾ ਹੌਸਲਾ ਨਹੀਂ ਪੈਂਦਾ। ਵਿਨੈ ਦੀ ਪਤਨੀ ਹਿਮਾਂਸ਼ੀ ਹੁਣ ਗੁਰੂਗ੍ਰਾਮ ਵਿੱਚ ਆਪਣੇ ਮਾਪਿਆਂ ਕੋਲ ਰਹਿ ਕੇ ਮੁੜ ਨੌਕਰੀ ’ਤੇ ਪਰਤ ਆਈ ਹੈ। ਦੂਜੇ ਪਾਸੇ ਵਿਨੈ ਦੀ ਭੈਣ ਸ੍ਰਿਸ਼ਟੀ ਯੂ.ਪੀ.ਐੱਸ.ਸੀ. (UPSC) ਦੀ ਤਿਆਰੀ ਅਤੇ ਪੀ.ਐੱਚ.ਡੀ. ਰਾਹੀਂ ਆਪਣੇ ਭਰਾ ਦੇ ਸੁਪਨਿਆਂ ਨੂੰ ਅੱਗੇ ਵਧਾ ਰਹੀ ਹੈ। ਪਰਿਵਾਰ ਅੱਜ ਵੀ ਵਿਨੈ ਦੇ ਹੱਸਮੁੱਖ ਸੁਭਾਅ ਅਤੇ ਉਸਦੇ ਵੱਡੇ ਪੈਰਾਂ ਲਈ ਜੁੱਤੀਆਂ ਲੱਭਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਰਗੀਆਂ ਨਿੱਕੀਆਂ-ਨਿੱਕੀਆਂ ਯਾਦਾਂ ਨੂੰ ਸਾਂਝਾ ਕਰਕੇ ਮਨ ਹੌਲਾ ਕਰਦਾ ਹੈ।
ਗ਼ਮ ਦੀ ਇਸ ਘੜੀ ਵਿੱਚ ਵੀ ਨਰਵਾਲ ਪਰਿਵਾਰ ਇੱਕ ਵੱਡੀ ਮਿਸਾਲ ਪੇਸ਼ ਕਰ ਰਿਹਾ ਹੈ। ਰਾਜੇਸ਼ ਨਰਵਾਲ ਨੇ ਆਪਣੇ ਵਾਅਦੇ ਨੂੰ ਦੁਹਰਾਇਆ ਕਿ ਉਹ ਸਰਕਾਰ ਵੱਲੋਂ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਅਤੇ ਵਿਨੈ ਦੇ ਹਿੱਸੇ ਦੀ ਸਾਰੀ ਪਰਿਵਾਰਕ ਜਾਇਦਾਦ ਲੋਕ ਭਲਾਈ ਦੇ ਕਾਰਜਾਂ ਲਈ ਦਾਨ ਕਰ ਦੇਣਗੇ, ਬਸ਼ਰਤੇ ਉਹ ਪ੍ਰੋਜੈਕਟ ਸ਼ਹੀਦ ਵਿਨੈ ਦੇ ਨਾਮ ’ਤੇ ਹੋਣ। ਇਸੇ ਤਰ੍ਹਾਂ 1 ਮਈ ਨੂੰ ਵਿਨੈ ਦੇ ਜਨਮ ਦਿਨ ਮੌਕੇ ਪਰਿਵਾਰ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ ਤਾਂ ਜੋ ਪੁੱਤਰ ਦੀ ਯਾਦ ਨੂੰ ਲੋਕ ਸੇਵਾ ਰਾਹੀਂ ਹਮੇਸ਼ਾ ਜ਼ਿੰਦਾ ਰੱਖਿਆ ਜਾ ਸਕੇ।

