ਬਠਿੰਡਾ: ਇੱਥੋਂ ਦੇ ਨਜ਼ਦੀਕੀ ਪਿੰਡ ਜੀਦਾ ਵਿੱਚ ਸਥਿਤ ਸਪੋਰਟਕਿੰਗ ਇੰਡੀਆ ਲਿਮਟਿਡ ਫੈਕਟਰੀ ਦੇ ਮਜ਼ਦੂਰਾਂ ਵੱਲੋਂ ਅੱਜ ਆਪਣੀਆਂ ਤਨਖਾਹਾਂ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਸੈਂਕੜੇ ਮਜ਼ਦੂਰਾਂ ਨੇ ਫੈਕਟਰੀ ਦੇ ਮੁੱਖ ਦਰਵਾਜ਼ੇ ਅੱਗੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ (ਐੱਨ ਐੱਚ-54) ’ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ ਜਿਸ ਨਾਲ ਆਵਾਜਾਈ ਪ੍ਰਭਾਵਿਤ ਰਹੀ। ਧਰਨਾਕਾਰੀਆਂ ਨੂੰ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫਸਰ ਵੱਲੋਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਜ਼ਦੂਰ ਫੈਕਟਰੀ ਵੱਲੋਂ ਕੀਤੀ ਜਾ ਰਹੀ ਆਰਥਿਕ ਲੁੱਟ ਖ਼ਿਲਾਫ਼ ਡਟੇ ਰਹੇ।
ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਨ ਵੱਲੋਂ ਉਨ੍ਹਾਂ ਨੂੰ ਡੀ ਸੀ ਰੇਟ ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਨੌਕਰੀ ਕਰਦੇ ਲੜਕੇ ਲੜਕੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਓਵਰ ਟਾਈਮ ਲਾਉਣ ਦੇ ਬਾਵਜੂਦ ਨਿਗੂਣੀ ਤਨਖਾਹ ਦਿੱਤੀ ਜਾ ਰਹੀ ਹੈ। ਫੈਕਟਰੀ ਅੰਦਰ ਹੋਸਟਲ ਵਿੱਚ ਰਹਿੰਦੀਆਂ ਲੜਕੀਆਂ ਨੇ ਤਨਖਾਹਾਂ ’ਤੇ ਲਗਾਏ ਜਾਂਦੇ ਕੱਟ ’ਤੇ ਫੈਕਟਰੀ ਪ੍ਰਬੰਧਾਂ ’ਤੇ ਉਂਗਲ ਚੁੱਕੀ। ਧਰਨੇ ਦੌਰਾਨ ਪੁਲੀਸ ਵੱਲੋਂ ਮਜ਼ਦੂਰ ਆਗੂ ਜਗਰੂਪ ਸਿੰਘ ਅਤੇ ਇਕ ਹੋਰ ਸਾਥੀ ਨੂੰ ਹਿਰਾਸਤ ’ਚ ਲੈ ਕੇ ਥਾਣਾ ਨੇਹੀਆਂਵਾਲਾ ਲਿਜਾਇਆ ਗਿਆ। ਇਸ ਕਾਰਵਾਈ ਨਾਲ ਮੌਕੇ ’ਤੇ ਮੌਜੂਦ ਮਜ਼ਦੂਰਾਂ ‘ਚ ਰੋਸ ਹੋਰ ਵਧ ਗਿਆ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੇ ਮੁੜ ਨਾਅਰੇਬਾਜ਼ੀ ਕੀਤੀ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਪੁਲੀਸ ਵੱਲੋਂ ਮਜ਼ਦੂਰ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿਸ ਨਾਲ ਮਾਹੌਲ ਕੁਝ ਹੱਦ ਤੱਕ ਸ਼ਾਂਤ ਹੋਇਆ।
