ਨਵੀਂ ਦਿੱਲੀ: ਭਾਰਤ ਨੇ ਮਾਰਚ ਮਹੀਨੇ ਪਾਈਪ ਦੇ ਮਾਧਿਅਮ ਨਾਲ ਸਪਲਾਈ ਕੀਤੀ ਜਾਣ ਵਾਲੀ ਰਸੋਈ ਗੈਸ (ਪੀ ਐੱਨ ਜੀ) ਦੇ 3.1 ਲੱਖ ਤੋਂ ਵੱਧ ਨਵੇਂ ਕਨੈਕਸ਼ਨਾਂ ਲਈ ਗੈਸ ਦੇਣੀ ਸ਼ੁਰੂ ਕਰ ਦਿੱਤੀ ਹੈ, ਜਦਕਿ 2.7 ਲੱਖ ਹੋਰ ਨਵੇਂ ਕਨੈਕਸ਼ਨ ਜੋੜੇ ਗਏ ਹਨ। ਪੱਛਮੀ ਏਸ਼ੀਆ ਵਿਚ ਜਾਰੀ ਜੰਗ ਕਾਰਨ ਹਰਮੁਜ਼ ਜਲ ਮਾਰਗ ਦੇ ਬੰਦ ਹੋਣ ਦੇ ਮੱਦੇਨਜ਼ਰ ਰਸੋਈ ਗੈਸ (ਐਲ ਪੀ ਜੀ) ਦੀ ਸਪਲਾਈ ’ਚ ਪਏ ਵਿਘਨ ਦਰਮਿਆਨ ਸਰਕਾਰ ਨੇ ਪੀ ਐੱਨ ਜੀ ਦੇ ਵਿਸਤਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਰਮੁਜ਼ ਉਹ ਮਹੱਤਵਪੂਰਨ ਸਮੁੰਦਰੀ ਮਾਰਗ ਹੈ ਜਿਸ ਦੇ ਜ਼ਰੀਏ ਭਾਰਤ ਆਪਣੀ ਜ਼ਿਆਦਾਤਰ ਐਲ ਪੀ ਜੀ ਦਰਾਮਦ ਕਰਦਾ ਹੈ।
ਜੰਗ ਕਾਰਨ ਇਸ ਮਾਰਗ ਦੇ ਪ੍ਰਭਾਵਿਤ ਹੋਣ ਨਾਲ ਐਲ ਪੀ ਜੀ ਦੀ ਸਪਲਾਈ ਵਿਚ ਮੁਸ਼ਕਲ ਆਈ ਹੈ; ਹਾਲਾਂਕਿ ਦੇਸ਼ ਦੀ ਕੁਦਰਤੀ ਗੈਸ ਦੀ ਅੱਧੀ ਜ਼ਰੂਰਤ ਘਰੇਲੂ ਉਤਪਾਦਨ ਨਾਲ ਪੂਰੀ ਹੁੰਦੀ ਹੈ ਤੇ ਬਾਕੀ ਹਿੱਸੇ ਲਈ ਸਰਕਾਰ ਨੇ ਵੱਖ-ਵੱਖ ਵਿਦੇਸ਼ੀ ਸਰੋਤਾਂ ਤੋਂ ਬੰਦੋਬਸਤ ਕੀਤਾ ਹੈ। ਪੈਟਰੋਲੀਅਮ ਮੰਤਰਾਲੇ ਨੇ ਦੱਸਿਆ ਕਿ ਮਾਰਚ ਵਿਚ ਘਰਾਂ, ਕਾਰੋਬਾਰੀ ਥਾਵਾਂ, ਹੋਸਟਲ, ਮੈੱਸ, ਕੰਟੀਨਾਂ ਸਣੇ 3.1 ਲੱਖ ਤੋਂ ਵੱਧ ਕਨੈਕਸ਼ਨਾਂ ਲਈ ਗੈਸ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਪਾਈਪਲਾਈਨਾਂ ਤੋਂ ਗੈਸ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਪਹਿਲਾਂ ਤੋਂ ਕਨੈਕਸ਼ਨ ਮੌਜੂਦ ਸਨ।

