ਨਵੀਂ ਦਿੱਲੀ: ਐਵੀਏਸ਼ਨ ਟਰਬਾਈਨ ਫਿਊਲ (ATF) ਜਾਂ ਜੈੱਟ ਈਂਧਣ ਦੀ ਕੀਮਤ ਬੁੱਧਵਾਰ ਨੂੰ ਪਿਛਲੇ ਮਹੀਨੇ ਵਿਸ਼ਵਵਿਆਪੀ ਤੇਲ ਕੀਮਤਾਂ ਵਿੱਚ ਹੋਏ ਉਛਾਲ ਦੇ ਕਾਰਨ ਦੁੱਗਣੇ ਤੋਂ ਵੱਧ ਹੋ ਕੇ 2.07 ਲੱਖ ਰੁਪਏ ਪ੍ਰਤੀ ਕਿਲੋਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ, ਪਰ ਘਰੇਲੂ ਏਅਰਲਾਈਨਾਂ ਲਈ ਇਹ ਵਾਧਾ ਸਿਰਫ 8.5 ਫੀਸਦੀ ਹੋਵੇਗਾ।
ਘਰੇਲੂ ਏਅਰਲਾਈਨਾਂ ਹੋਰ ਕੈਰੀਅਰਾਂ ਜਿਵੇਂ ਕਿ ਨਾਨ-ਸ਼ਡਿਊਲਡ, ਐਡਹਾਕ ਅਤੇ ਚਾਰਟਰ ਦੁਆਰਾ ਅਦਾ ਕੀਤੇ ਜਾਣ ਵਾਲੇ ਭਾਅ ਦਾ ਅੱਧਾ ਭੁਗਤਾਨ ਕਰਨਗੀਆਂ। ਉਨ੍ਹਾਂ (ਹੋਰ ਕੈਰੀਅਰਾਂ) ਲਈ ਕੀਮਤਾਂ 1,10,703.08 ਰੁਪਏ ਪ੍ਰਤੀ ਕਿਲੋਲੀਟਰ ਜਾਂ 114.5 ਫੀਸਦੀ ਵਧ ਕੇ 2,07,341.22 ਰੁਪਏ ਪ੍ਰਤੀ ਕਿਲੋਲੀਟਰ ਹੋ ਗਈਆਂ ਹਨ। ਜੈੱਟ ਈਂਧਣ ਦੀਆਂ ਕੀਮਤਾਂ ਦੋ ਦਹਾਕੇ ਪਹਿਲਾਂ ਕੰਟਰੋਲ ਮੁਕਤ ਕੀਤੀਆਂ ਗਈਆਂ ਸਨ ਅਤੇ ਉਦੋਂ ਤੋਂ ਏਅਰਲਾਈਨਾਂ ਨਾਲ ਲਿਖਤੀ ਸਮਝੌਤੇ ਅਨੁਸਾਰ ਦਰਾਂ ਅੰਤਰਰਾਸ਼ਟਰੀ ਬੈਂਚਮਾਰਕ ਕੀਮਤਾਂ ਦੇ ਅਨੁਸਾਰ ਤੈਅ ਕੀਤੀਆਂ ਜਾਂਦੀਆਂ ਹਨ।
ਉਦਯੋਗਿਕ ਸਰੋਤਾਂ ਨੇ ਦੱਸਿਆ ਕਿ ਕਿਉਂਕਿ ਮੱਧ ਪੂਰਬ ਦੀ ਜੰਗ ਕਾਰਨ ਵਿਸ਼ਵਵਿਆਪੀ ਊਰਜਾ ਕੀਮਤਾਂ ਵਿੱਚ ਆਏ ਉਛਾਲ ਕਾਰਨ ਏਟੀਐੱਫ ਕੀਮਤਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਕਰਨਾ ਜ਼ਰੂਰੀ ਹੋ ਗਿਆ ਸੀ, ਇਸ ਲਈ ਸਰਕਾਰ ਅਤੇ ਸਰਕਾਰੀ ਤੇਲ ਕੰਪਨੀਆਂ ਨੇ ਇੱਕ ਸੰਤੁਲਿਤ ਪਹੁੰਚ ਅਪਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਵਿਦੇਸ਼ੀ ਏਅਰਲਾਈਨਾਂ ਅਤੇ ਹੋਰ ਕੈਰੀਅਰ ਬਾਜ਼ਾਰ ਦੀਆਂ ਦਰਾਂ ਅਦਾ ਕਰਨਗੇ, ਘਰੇਲੂ ਏਅਰਲਾਈਨਾਂ ਲਈ ਕੀਮਤਾਂ ਨੂੰ ਮੱਧਮ (ਘੱਟ) ਰੱਖਿਆ ਗਿਆ ਹੈ।
ਦਰਾਂ ਵਿੱਚ ਇਹ ਦੂਜਾ ਮਾਸਿਕ ਵਾਧਾ ਹੈ। 1 ਮਾਰਚ ਨੂੰ ਕੀਮਤਾਂ ਵਿੱਚ 5.7 ਫੀਸਦੀ (5,244.75 ਰੁਪਏ ਪ੍ਰਤੀ ਕਿਲੋਲੀਟਰ) ਦਾ ਵਾਧਾ ਕੀਤਾ ਗਿਆ ਸੀ। ਵਧਦੀਆਂ ਕੀਮਤਾਂ ਏਅਰਲਾਈਨਾਂ ‘ਤੇ ਹੋਰ ਬੋਝ ਪਾਉਣਗੀਆਂ ਜੋ ਜੰਗ ਕਾਰਨ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਪੱਛਮੀ ਦੇਸ਼ਾਂ ਲਈ ਉਡਾਣ ਭਰਨ ਲਈ ਲੰਬੇ ਰਸਤੇ ਅਪਣਾ ਕੇ ਪਹਿਲਾਂ ਹੀ ਜ਼ਿਆਦਾ ਈਂਧਣ ਫੂਕ ਰਹੀਆਂ ਹਨ। ਈਂਧਣ ਇੱਕ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਲਗਪਗ 40 ਫੀਸਦੀ ਹਿੱਸਾ ਹੁੰਦਾ ਹੈ।
ਵਾਧੇ ਦੀ ਵਿਆਖਿਆ ਕਰਦੇ ਹੋਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, “ਭਾਰਤ ਵਿੱਚ ATF ਦੀਆਂ ਕੀਮਤਾਂ 2001 ਵਿੱਚ ਕੰਟਰੋਲ ਮੁਕਤ ਕੀਤੀਆਂ ਗਈਆਂ ਸਨ ਅਤੇ ਅੰਤਰਰਾਸ਼ਟਰੀ ਬੈਂਚਮਾਰਕਾਂ ਦੇ ਫਾਰਮੂਲੇ ਦੇ ਆਧਾਰ ‘ਤੇ ਮਹੀਨਾਵਾਰ ਆਧਾਰ ‘ਤੇ ਸੋਧੀਆਂ ਜਾਂਦੀਆਂ ਹਨ।” ਇਸ ਵਿੱਚ ਕਿਹਾ ਗਿਆ ਹੈ ਕਿ ਸਟ੍ਰੇਟ ਆਫ ਹੋਰਮੁਜ਼ ਦੇ ਬੰਦ ਹੋਣ ਅਤੇ ਵਿਸ਼ਵ ਊਰਜਾ ਬਾਜ਼ਾਰਾਂ ਵਿੱਚ ਅਸਾਧਾਰਣ ਸਥਿਤੀ ਦੇ ਕਾਰਨ, 1 ਅਪਰੈਲ ਨੂੰ ਘਰੇਲੂ ਬਾਜ਼ਾਰਾਂ ਲਈ ATF ਦੀ ਕੀਮਤ ਵਿੱਚ 100 ਫੀਸਦੀ ਤੋਂ ਵੱਧ ਵਾਧੇ ਦੀ ਉਮੀਦ ਸੀ।
ਅੰਤਰਰਾਸ਼ਟਰੀ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਤੋਂ ਘਰੇਲੂ ਯਾਤਰਾ ਦੀ ਲਾਗਤ ਨੂੰ ਬਚਾਉਣ ਲਈ, ਪੈਟਰੋਲੀਅਮ ਮੰਤਰਾਲੇ ਦੀਆਂ ਪੀਐੱਸਯੂ ਆਇਲ ਮਾਰਕੀਟਿੰਗ ਕੰਪਨੀਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਏਅਰਲਾਈਨਾਂ ਨੂੰ ਸਿਰਫ 25 ਫੀਸਦੀ (ਸਿਰਫ਼ 15 ਰੁਪਏ/ਲੀਟਰ) ਦਾ ਅੰਸ਼ਕ ਅਤੇ ਪੜਾਅਵਾਰ ਵਾਧਾ ਹੀ ਦਿੱਤਾ ਹੈ। ਵਿਦੇਸ਼ੀ ਮਾਰਗ ATF ਕੀਮਤਾਂ ਵਿੱਚ ਪੂਰੇ ਵਾਧੇ ਦਾ ਭੁਗਤਾਨ ਕਰਨਗੇ ਜੋ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਭੁਗਤਾਨ ਦੇ ਅਨੁਸਾਰ ਹੈ।

